ਨਿਊ ਸਾਊਥ ਵੇਲਜ਼ (NSW)

ਨਿਊ ਸਾਊਥ ਵੇਲਜ਼ (NSW) ਦੀਆਂ ਰਾਜ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ

ਤੁਹਾਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ:

 • ਛੋਟਾ ਬੈਲਟ ਪੇਪਰ ਵਿਧਾਨ ਸਭਾ (ਹੇਠਲੇ ਸਦਨ) (Legislative Assembly (Lower House)) ਲਈ ਹੈ

 • ਵੱਡਾ ਬੈਲਟ ਪੇਪਰ ਵਿਧਾਨ ਪ੍ਰੀਸ਼ਦ (ਉੱਪਰਲੇ ਸਦਨ) (Legislative Council (Upper House)) ਲਈ ਹੈ


ਵਿਧਾਨ ਸਭਾ (Legislative Assembly)

ਤੁਸੀਂ ਉਸ ਮੈਂਬਰ ਲਈ ਵੋਟ ਕਰੋਗੇ ਜੋ ਜਿੱਥੇ ਤੁਸੀਂ ਰਹਿੰਦੇ ਹੋ ਉਥੋਂ ਦੇ ਵੋਟਰਾਂ ਦੀ ਨੁਮਾਇੰਦਗੀ ਕਰਦਾ ਹੈ। NSW ਵਿੱਚ 93 ਵਿੱਚੋਂ ਕਿਸੇ ਇੱਕ ਲਈ।

ਚੋਣਾਂ ਦਾ ਫ਼ੈਸਲਾ ਇੱਕ ਵਿਧੀ ਰਾਹੀਂ ਕੀਤਾ ਜਾਂਦਾ ਹੈ ਜਿਸਨੂੰ ਵਿਕਲਪਿਕ ਤਰਜੀਹੀ ਵੋਟਿੰਗ ਕਿਹਾ ਜਾਂਦਾ ਹੈ। ਵੋਟਰ ਆਪਣੇ ਸਭ ਤੋਂ ਪਸੰਦੀਦਾ ਉਮੀਦਵਾਰ (ਪਹਿਲੀ ਪਸੰਦ) ਨੂੰ 1 ਨਾਲ ਚਿੰਨ੍ਹਿਤ ਕਰਦੇ ਹਨ। ਕਿਸੇ ਹੋਰ ਤਰਜੀਹ ਦੀ ਲੋੜ ਨਹੀਂ ਹੈ ਪਰ ਜੇਕਰ ਤੁਸੀਂ ਅਜਿਹਾ ਕਰਨਾ ਚੁਣਦੇ ਹੋ ਤਾਂ ਤੁਸੀਂ ਆਪਣੀ ਦੂਜੀ ਤਰਜੀਹ ਤੋਂ ਲੈ ਕੇ ਸਭ ਤੋਂ ਘੱਟ ਤਰਜੀਹ ਵਾਲੇ ਉਮੀਦਵਾਰ ਤੱਕ ਨੰਬਰ ਦੇਣਾ ਜਾਰੀ ਰੱਖ ਸਕਦੇ ਹੋ। ਚੁਣੇ ਜਾਣ ਲਈ, ਬਾਕੀ ਸਾਰੇ ਉਮੀਦਵਾਰਾਂ ਦੇ ਚੋਣ ਪ੍ਰਕਿਰਿਆਂ ਵਿੱਚੋਂ ਨਿਕਲਣ ਜਾਣ ਤੋਂ ਬਾਅਦ ਬਹੁਗਿਣਤੀ ਵੋਟਰਾਂ ਦੁਆਰਾ ਲਾਜ਼ਮੀ ਤੌਰ 'ਤੇ ਉਸ ਉਮੀਦਵਾਰ ਨੂੰ ਤਰਜੀਹ ਦਿੱਤੀ ਗਈ ਹੋਣੀ ਚਾਹੀਦੀ ਹੈ।

[Ballot Image]

ਤਰਜੀਹੀ ਵੋਟਿੰਗ ਪ੍ਰਣਾਲੀ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣੀ ਪਹਿਲੀ ਤਰਜੀਹ ਦੇ ਤੌਰ 'ਤੇ ਘੱਟ ਪ੍ਰਸਿੱਧ ਉਮੀਦਵਾਰ ਜਾਂ ਕਿਸੇ ਛੋਟੀ ਪਾਰਟੀ ਨੂੰ ਵੋਟ ਦਿੰਦੇ ਹੋ, ਅਤੇ ਉਹ ਨਹੀਂ ਜਿੱਤਦੇ, ਤਾਂ ਵੀ ਤੁਹਾਡੀ ਵੋਟ ਤੁਹਾਡੇ ਹਲਕੇ ਦੇ ਮੈਂਬਰ ਨੂੰ ਚੁਣਨ ਲਈ ਗਿਣੀ ਜਾਵੇਗੀ। ਇਸ ਪੋਸਟਰ 'ਤੇ ਤਰਜੀਹੀ ਵੋਟਿੰਗ ਪ੍ਰਣਾਲੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।

ਹੇਠਲੇ ਸਦਨ ਦੇ ਛੋਟੇ ਬੈਲਟ ਪੇਪਰ 'ਤੇ ਸਹੀ ਢੰਗ ਨਾਲ ਵੋਟ ਪਾਉਣ ਲਈ, ਤੁਹਾਨੂੰ ਆਪਣੀ ਪਸੰਦ ਦੇ ਕ੍ਰਮ ਵਿੱਚ ਹਰ ਡੱਬੇ ਨੂੰ ਨੰਬਰ ਦੇਣ ਦੀ ਲੋੜ ਹੈ।

 1. ਉਮੀਦਵਾਰ ਦੇ ਅੱਗੇ ਬਕਸੇ ਵਿੱਚ ਨੰਬਰ 1 ਲਿਖੋ ਜੋ ਤੁਹਾਡੀ ਪਹਿਲੀ ਪਸੰਦ ਹੈ।
 2. ਜੇਕਰ ਤੁਸੀਂ ਵੋਟਿੰਗ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਡੱਬੇ ਵਿੱਚ ਨੰਬਰ 2 ਉਸ ਉਮੀਦਵਾਰ ਦੇ ਅੱਗੇ ਲਿਖੋ ਜੋ ਤੁਹਾਡੀ ਦੂਜੀ ਪਸੰਦ ਹੈ।
 3. ਤੁਸੀਂ 3, 4, 5 ਅਤੇ ਇਸ ਤਰ੍ਹਾਂ ਦੇ ਅੰਕਾਂ ਨੂੰ ਉਦੋਂ ਤੱਕ ਲਿਖਣਾ ਜਾਰੀ ਰੱਖ ਸਕਦੇ ਹੋ ਜਦੋਂ ਤੱਕ ਤੁਹਾਡੇ ਕੋਲ ਹਰੇਕ ਡੱਬੇ ਵਿੱਚ ਕੋਈ ਨੰਬਰ ਨਹੀਂ ਹੁੰਦਾ ਹੈ।

ਵਿਧਾਨ ਪ੍ਰੀਸ਼ਦ (Legislative Council)

ਚੋਣਾਂ ਦਾ ਫ਼ੈਸਲਾ ਅਨੁਪਾਤਕ ਨੁਮਾਇੰਦਗੀ ਨਾਮਕ ਵਿਧੀ ਦੁਆਰਾ ਕੀਤਾ ਜਾਂਦਾ ਹੈ। ਤੁਸੀਂ NSW ਭਰ ਤੋਂ 42 ਮੈਂਬਰਾਂ ਲਈ ਵੋਟ ਪਾਉਗੇ।

ਚੁਣੇ ਜਾਣ ਲਈ, ਕਿਸੇ ਉਮੀਦਵਾਰ ਨੂੰ ਵੋਟਾਂ ਦਾ ਇੱਕ ਨਿਸ਼ਚਿਤ ਅਨੁਪਾਤ ਪ੍ਰਾਪਤ ਕਰਨਾ ਲਾਜ਼ਮੀ ਹੈ, ਇਸ ਅਨੁਪਾਤ ਨੂੰ ਕੋਟਾ ਕਿਹਾ ਜਾਂਦਾ ਹੈ।

ਜੇਕਰ ਕਿਸੇ ਉਮੀਦਵਾਰ ਨੂੰ ਕੋਟਾ ਜਾਂ ਵੱਧ ਵੋਟਾਂ ਮਿਲਦੀਆਂ ਹਨ ਤਾਂ ਉਹ ਚੁਣਿਆ ਜਾਵੇਗਾ। ਜੇਕਰ ਉਹ ਇਕੱਲੇ ਪਹਿਲੀ ਤਰਜੀਹ ਵਾਲੀਆਂ ਵੋਟਾਂ 'ਤੇ ਇਸ ਕੋਟੇ ਨੂੰ ਪੂਰਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ ਘੱਟ ਪਹਿਲੀ ਤਰਜੀਹ ਪ੍ਰਾਪਤ ਵੋਟਾਂ ਵਾਲੇ ਉਮੀਦਵਾਰਾਂ ਤੋਂ ਵੰਡੀਆਂ ਆਈਆਂ ਤਰਜੀਹੀ ਵੋਟਾਂ ਦਾ ਕੋਟਾ ਮਿਲ ਸਕਦਾ ਹੈ, ਜੋ ਚੋਣ ਪ੍ਰਕਿਰਿਆਂ ਵਿੱਚੋਂ ਬਾਹਰ ਹੋ ਗਏ ਹਨ। ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਸਾਰੀਆਂ ਖਾਲੀ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ ਹਨ। ਇਸ ਪੋਸਟਰ 'ਤੇ ਅਨੁਪਾਤਕ ਨੁਮਾਇੰਦਗੀ ਪ੍ਰਣਾਲੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।

[Ballot Image]

ਤੁਸੀਂ ਲਾਈਨ-ਤੋਂ-ਉੱਪਰ ਜਾਂ ਲਾਈਨ-ਤੋਂ-ਹੇਠਾਂ ਵੋਟ ਕਰ ਸਕਦੇ ਹੋ ਪਰ ਦੋਵੇਂ ਨਹੀਂ।

ਜੇਕਰ ਤੁਸੀਂ ਲਾਈਨ ਤੋਂ ਉੱਪਰ ਵੋਟ ਕਰਨਾ ਚੁਣਦੇ ਹੋ ਤਾਂ:

 • ਆਪਣੀ ਪਸੰਦ ਦੇ ਗਰੁੱਪ ਦੇ ਅੱਗੇ ਬਣੇ ਡੱਬੇ ਵਿੱਚ 1 ਨੰਬਰ ਲਿਖੋ।
 • ਜੇਕਰ ਚਾਹੋ, ਤਾਂ ਲਾਈਨ ਦੇ ਉੱਪਰ ਬਣੇ ਦੂਜੇ ਵੋਟਿੰਗ ਡੱਬਿਆਂ ਨੂੰ ਵੀ ਨੰਬਰ ਦਿਓ।
 • ਬਾਕੀ ਬੈਲਟ ਪੇਪਰ ਨੂੰ ਖਾਲੀ ਛੱਡੋ।
 • ਲਾਈਨ ਦੇ ਹੇਠਾਂ ਕੋਈ ਵੀ ਨੰਬਰ ਨਾ ਲਿਖੋ।

ਜੇਕਰ ਤੁਸੀਂ ਲਾਈਨ ਤੋਂ ਹੇਠਾਂ ਵੋਟ ਕਰਨਾ ਚੁਣਦੇ ਹੋ ਤਾਂ:

 • ਉਸ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ 1 ਨੰਬਰ ਲਿਖੋ ਜੋ ਤੁਹਾਡੀ ਪਹਿਲੀ ਪਸੰਦ ਹੈ।
 • ਉਸ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ 2 ਨੰਬਰ ਲਿਖੋ ਜੋ ਤੁਹਾਡੀ ਦੂਜੀ ਪਸੰਦ ਹੈ।
 • ਇਸ ਤਰ੍ਹਾਂ ਹੀ ਨੰਬਰ 3, 4, 5 ਅਤੇ ਅੱਗੇ ਲਿਖਣਾ ਜਾਰੀ ਰੱਖੋ ਜਦੋਂ ਤੱਕ ਤੁਸੀਂ ਘੱਟੋ-ਘੱਟ 15 ਡੱਬਿਆਂ ਨੂੰ ਨੰਬਰ ਨਹੀਂ ਦੇ ਦਿੰਦੇ ਹੋ।
 • ਲਾਈਨ ਦੇ ਉੱਪਰ ਕੋਈ ਵੀ ਨੰਬਰ ਨਾ ਲਿਖੋ।

ਤੁਸੀਂ 15 ਤੋਂ ਵੱਧ ਉਮੀਦਵਾਰਾਂ ਲਈ ਨੰਬਰ ਦੇਣਾ ਜਾਰੀ ਰੱਖ ਸਕਦੇ ਹੋ, ਪਰ ਤੁਹਾਡੀ ਵੋਟ ਦੀ ਗਿਣਤੀ ਹੋਣ ਲਈ, ਤੁਹਾਨੂੰ ਘੱਟੋ-ਘੱਟ 15 ਡੱਬਿਆਂ ਨੂੰ ਨੰਬਰ ਦੇਣਾ ਜਾਰੀ ਰੱਖਣਾ ਚਾਹੀਦੀ ਹੈ

ਲਾਈਨ ਦੇ ਹੇਠਾਂ ਵੋਟ ਦੇ ਕੇ, ਤੁਸੀਂ ਆਪਣੀਆਂ ਤਰਜੀਹਾਂ ਦਾ ਫ਼ੈਸਲਾ ਸਿੱਧੇ ਤੌਰ 'ਤੇ ਕਰ ਸਕਦੇ ਹੋ।

ਗੈਰ-ਰਸਮੀ ਵੋਟਾਂ

ਇੱਕ ਬੈਲਟ ਪੇਪਰ ਜੋ ਸਹੀ ਢੰਗ ਨਾਲ ਨਹੀਂ ਭਰਿਆ ਗਿਆ ਹੈ, ਉਸ ਨੂੰ ਗੈਰ-ਰਸਮੀ ਵੋਟ ਕਿਹਾ ਜਾਂਦਾ ਹੈ।

ਇੱਕ ਬੈਲਟ ਪੇਪਰ ਨੂੰ ਗੈਰ-ਰਸਮੀ ਮੰਨਿਆ ਜਾ ਸਕਦਾ ਹੈ ਜਦੋਂ ਕੋਈ:

 • ਡੱਬਿਆਂ ਵਿੱਚ ਟਿੱਕ (ਸਹੀ ਦਾ ਨਿਸ਼ਾਨ), ਕਰਾਸ (ਕੱਟਣ ਦਾ ਨਿਸ਼ਾਨ) ਜਾਂ ਕੋਈ ਹੋਰ ਚਿੰਨ੍ਹ ਲਗਾਉਂਦਾ ਹੈ
 • ਲੋੜੀਂਦੇ ਡੱਬਿਆਂ ਅੱਗੇ ਨੰਬਰ ਨਹੀਂ ਲਿਖਦਾ ਹੈ
 • ਨੰਬਰ ਖੁੰਝ ਜਾਂਦੇ ਹਨ ਜਾਂ ਦੁਹਰਾਏ ਜਾਂਦੇ ਹਨ
 • ਬੈਲਟ ਪੇਪਰ ਨੂੰ ਖਾਲੀ ਛੱਡ ਦਿੰਦਾ ਹੈ।

ਗਲਤੀ ਕਰਨਾ

ਜੇਕਰ ਤੁਸੀਂ ਆਪਣੇ ਬੈਲਟ ਪੇਪਰ 'ਤੇ ਗਲਤੀ ਕਰਦੇ ਹੋ ਤਾਂ ਇਹ ਠੀਕ ਹੈ। ਤੁਸੀਂ ਇਸਨੂੰ ਕੱਟ ਕਰ ਸਕਦੇ ਹੋ ਅਤੇ ਇਸਦੇ ਅੱਗੇ ਸਹੀ ਨੰਬਰ ਲਿਖ ਸਕਦੇ ਹੋ।

ਜੇਕਰ ਤੁਸੀਂ ਚਿੰਤਤ ਹੋ ਕਿ NSW ਚੋਣ ਕਮਿਸ਼ਨ (NSW Election Commission) ਤੁਹਾਡੇ ਵੱਲੋਂ ਕੀਤੀ ਸੋਧ ਨੂੰ ਸਮਝ ਨਹੀਂ ਸਕੇਗਾ ਤਾਂ ਤੁਸੀਂ ਚੋਣ ਅਮਲੇ ਨੂੰ ਆਪਣਾ ਬੈਲਟ ਪੇਪਰ ਵਾਪਸ ਕਰ ਸਕਦੇ ਹੋ ਅਤੇ ਨਵਾਂ ਬੈਲਟ ਪੇਪਰ ਦੇਣ ਦੀ ਮੰਗ ਕਰ ਸਕਦੇ ਹੋ।

ਜੇਕਰ ਤੁਸੀਂ ਆਪਣੇ ਬੈਲਟ ਪੇਪਰ ਨੂੰ ਨੁਕਸਾਨ ਪਹੁੰਚਾ ਲੈਂਦੇ ਹੋ ਜਾਂ ਪਾੜ ਲੈਂਦੇ ਹੋ, ਤਾਂ ਤੁਸੀਂ ਇਸਨੂੰ ਚੋਣ ਅਮਲੇ ਨੂੰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਤੁਸੀਂ ਆਪਣਾ ਬੈਲਟ ਪੇਪਰ ਭਰਨ ਲਈ ਵੀ ਮੱਦਦ ਮੰਗ ਸਕਦੇ ਹੋ।

ਤੁਹਾਡੀ ਵੋਟ ਤੁਹਾਡੀ ਇਕੱਲਿਆਂ ਦੀ ਚੋਣ ਹੈ

ਇਹ ਜਾਣਨਾ ਮਹੱਤਵਪੂਰਨ ਹੈ ਕਿ ਸਿਰਫ਼ ਤੁਸੀਂ ਹੀ ਇਹ ਫ਼ੈਸਲਾ ਲੈ ਸਕਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਦੇਣੀ ਹੈ। ਹੋਰ ਲੋਕ ਕਿਸ ਨੂੰ ਵੋਟ ਪਾਉਣੀ ਹੈ ਇਸ ਬਾਰੇ ਸੁਝਾਅ ਦੇ ਸਕਦੇ ਹਨ ਪਰ ਉਹ ਜਿਵੇਂ ਚਾਹੁੰਦੇ ਹਨ ਤੁਹਾਨੂੰ ਉਸ ਤਰ੍ਹਾਂ ਵੋਟ ਪਾਉਣ ਲਈ ਮਜਬੂਰ ਨਹੀਂ ਕਰ ਸਕਦੇ ਹਨ। ਜਦੋਂ ਕਿ ਵੋਟ ਪਾਉਣ ਤੋਂ ਪਹਿਲਾਂ ਤੁਹਾਡੇ ਨਾਮ ਦੀ ਇੱਕ ਵੋਟਰ-ਸੂਚੀ ਪ੍ਰਤੀ ਜਾਂਚ ਕੀਤੀ ਜਾਵੇਗੀ, ਪਰ ਤੁਹਾਡੇ ਦੁਆਰਾ ਵੋਟ ਪਾਉਣ ਤੋਂ ਬਾਅਦ ਤੁਹਾਡੀ ਵੋਟ ਗੁੰਮਨਾਮ ਅਤੇ ਗੁਪਤ ਹੈ।

ਜੇਕਰ ਤੁਸੀਂ ਦੂਜੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਦਿੱਤੀ ਹੈ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ। ਕੋਈ ਵੀ ਤੁਹਾਨੂੰ ਉਨ੍ਹਾਂ ਨੂੰ ਇਹ ਦੱਸਣ ਲਈ ਮਜਬੂਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀ ਵੀ ਨਹੀਂ। ਜੇ ਤੁਸੀਂ ਅਸੁਰੱਖਿਅਤ ਜਾਂ ਦਬਾਅ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਝੂਠ ਬੋਲਣਾ ਗੈਰ-ਕਾਨੂੰਨੀ ਨਹੀਂ ਹੈ ਕਿ ਤੁਸੀਂ ਕਿਸ ਨੂੰ ਵੋਟ ਦਿੱਤੀ ਹੈ ਅਤੇ ਕੋਈ ਵੀ ਇਹ ਪਤਾ ਨਹੀਂ ਲਗਾ ਸਕੇਗਾ ਕਿਉਂਕਿ ਤੁਹਾਡੀ ਵੋਟ ਗੁਪਤ ਹੈ।