ਗਲਤੀ ਕਰਨਾ
ਜੇਕਰ ਤੁਸੀਂ ਆਪਣੇ ਬੈਲਟ ਪੇਪਰ 'ਤੇ ਗਲਤੀ ਕਰਦੇ ਹੋ ਤਾਂ ਇਹ ਠੀਕ ਹੈ। ਤੁਸੀਂ ਇਸਨੂੰ ਕੱਟ ਕਰ ਸਕਦੇ ਹੋ ਅਤੇ ਇਸਦੇ ਅੱਗੇ ਸਹੀ ਨੰਬਰ ਲਿਖ ਸਕਦੇ ਹੋ।
ਜੇਕਰ ਤੁਸੀਂ ਚਿੰਤਤ ਹੋ ਕਿ NSW ਚੋਣ ਕਮਿਸ਼ਨ (NSW Election Commission) ਤੁਹਾਡੇ ਵੱਲੋਂ ਕੀਤੀ ਸੋਧ ਨੂੰ ਸਮਝ ਨਹੀਂ ਸਕੇਗਾ ਤਾਂ ਤੁਸੀਂ ਚੋਣ ਅਮਲੇ ਨੂੰ ਆਪਣਾ ਬੈਲਟ ਪੇਪਰ ਵਾਪਸ ਕਰ ਸਕਦੇ ਹੋ ਅਤੇ ਨਵਾਂ ਬੈਲਟ ਪੇਪਰ ਦੇਣ ਦੀ ਮੰਗ ਕਰ ਸਕਦੇ ਹੋ।
ਜੇਕਰ ਤੁਸੀਂ ਆਪਣੇ ਬੈਲਟ ਪੇਪਰ ਨੂੰ ਨੁਕਸਾਨ ਪਹੁੰਚਾ ਲੈਂਦੇ ਹੋ ਜਾਂ ਪਾੜ ਲੈਂਦੇ ਹੋ, ਤਾਂ ਤੁਸੀਂ ਇਸਨੂੰ ਚੋਣ ਅਮਲੇ ਨੂੰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।
ਤੁਸੀਂ ਆਪਣਾ ਬੈਲਟ ਪੇਪਰ ਭਰਨ ਲਈ ਵੀ ਮੱਦਦ ਮੰਗ ਸਕਦੇ ਹੋ।
ਤੁਹਾਡੀ ਵੋਟ ਤੁਹਾਡੀ ਇਕੱਲਿਆਂ ਦੀ ਚੋਣ ਹੈ
ਇਹ ਜਾਣਨਾ ਮਹੱਤਵਪੂਰਨ ਹੈ ਕਿ ਸਿਰਫ਼ ਤੁਸੀਂ ਹੀ ਇਹ ਫ਼ੈਸਲਾ ਲੈ ਸਕਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਦੇਣੀ ਹੈ। ਹੋਰ ਲੋਕ ਕਿਸ ਨੂੰ ਵੋਟ ਪਾਉਣੀ ਹੈ ਇਸ ਬਾਰੇ ਸੁਝਾਅ ਦੇ ਸਕਦੇ ਹਨ ਪਰ ਉਹ ਜਿਵੇਂ ਚਾਹੁੰਦੇ ਹਨ ਤੁਹਾਨੂੰ ਉਸ ਤਰ੍ਹਾਂ ਵੋਟ ਪਾਉਣ ਲਈ ਮਜਬੂਰ ਨਹੀਂ ਕਰ ਸਕਦੇ ਹਨ। ਜਦੋਂ ਕਿ ਵੋਟ ਪਾਉਣ ਤੋਂ ਪਹਿਲਾਂ ਤੁਹਾਡੇ ਨਾਮ ਦੀ ਇੱਕ ਵੋਟਰ-ਸੂਚੀ ਪ੍ਰਤੀ ਜਾਂਚ ਕੀਤੀ ਜਾਵੇਗੀ, ਪਰ ਤੁਹਾਡੇ ਦੁਆਰਾ ਵੋਟ ਪਾਉਣ ਤੋਂ ਬਾਅਦ ਤੁਹਾਡੀ ਵੋਟ ਗੁੰਮਨਾਮ ਅਤੇ ਗੁਪਤ ਹੈ।
ਜੇਕਰ ਤੁਸੀਂ ਦੂਜੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਦਿੱਤੀ ਹੈ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ। ਕੋਈ ਵੀ ਤੁਹਾਨੂੰ ਉਨ੍ਹਾਂ ਨੂੰ ਇਹ ਦੱਸਣ ਲਈ ਮਜਬੂਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀ ਵੀ ਨਹੀਂ। ਜੇ ਤੁਸੀਂ ਅਸੁਰੱਖਿਅਤ ਜਾਂ ਦਬਾਅ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਝੂਠ ਬੋਲਣਾ ਗੈਰ-ਕਾਨੂੰਨੀ ਨਹੀਂ ਹੈ ਕਿ ਤੁਸੀਂ ਕਿਸ ਨੂੰ ਵੋਟ ਦਿੱਤੀ ਹੈ ਅਤੇ ਕੋਈ ਵੀ ਇਹ ਪਤਾ ਨਹੀਂ ਲਗਾ ਸਕੇਗਾ ਕਿਉਂਕਿ ਤੁਹਾਡੀ ਵੋਟ ਗੁਪਤ ਹੈ।