ਵੈਸਟਰਨ ਆਸਟ੍ਰੇਲੀਆ

ਵੈਸਟਰਨ ਆਸਟ੍ਰੇਲੀਆ ਦੀ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ?

ਤੁਹਾਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ:

  • ਛੋਟਾ ਬੈਲਟ ਪੇਪਰ ਵਿਧਾਨ ਸਭਾ (ਹੇਠਲੇ ਸਦਨ) ਲਈ ਹੈ
  • ਵੱਡਾ ਬੈਲਟ ਪੇਪਰ ਵਿਧਾਨ ਪ੍ਰੀਸ਼ਦ (ਉੱਪਰ ਸਦਨ) ਲਈ ਹੈ

ਵਿਧਾਨ ਸਭਾ

ਤੁਸੀਂ ਆਪਣੇ ਚੋਣ ਹਲਕੇ ਦੇ ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰਾਂ ਲਈ ਵੋਟ ਕਰੋਗੇ। ਵੈਸਟਰਨ ਆਸਟ੍ਰੇਲੀਆ ਦੇ 59 ਚੋਣ ਹਲਕਿਆਂ ਵਿਚੋਂ ਕਿਸੇ ਇੱਕ ਲਈ।

ਚੋਣਾਂ ਦਾ ਫ਼ੈਸਲਾ ਇੱਕ ਵਿਧੀ ਦੁਆਰਾ ਕੀਤਾ ਜਾਂਦਾ ਹੈ ਜਿਸਨੂੰ ਪੂਰੀ ਤਰਜੀਹੀ ਵੋਟਿੰਗ ਕਿਹਾ ਜਾਂਦਾ ਹੈ। ਵੋਟਰ ਸਾਰੇ ਉਮੀਦਵਾਰਾਂ ਨੂੰ ਉਹਨਾਂ ਦੀ ਸਭ ਤੋਂ ਪਸੰਦੀਦਾ (ਪਹਿਲੀ ਤਰਜੀਹ) ਤੋਂ ਲੈ ਕੇ ਉਹਨਾਂ ਦੇ ਸਭ ਤੋਂ ਘੱਟ ਪਸੰਦੀਦਾ ਉਮੀਦਵਾਰ ਤੱਕ ਦਰਜਾ ਦਿੰਦੇ ਹਨ। ਜਿੱਤਣ ਲਈ, ਉਮੀਦਵਾਰ ਨੂੰ ਬਾਕੀ ਦੇ ਸਾਰੇ ਉਮੀਦਵਾਰਾਂ ਦੇ ਹਟਾਏ ਜਾਣ ਤੋਂ ਬਾਅਦ ਬਹੁਮਤ ਦੁਆਰਾ ਪਸੰਦ ਕੀਤਾ ਜਾਣਾ ਚਾਹੀਦਾ ਹੈ।

ਪੂਰੀ ਤਰਜੀਹੀ ਵੋਟਿੰਗ ਪ੍ਰਣਾਲੀ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣੀ ਪਹਿਲੀ ਪਸੰਦ ਦੇ ਤੌਰ 'ਤੇ ਕਿਸੇ ਘੱਟ ਪ੍ਰਸਿੱਧ ਉਮੀਦਵਾਰ ਜਾਂ ਕਿਸੇ ਛੋਟੀ ਪਾਰਟੀ ਨੂੰ ਵੋਟ ਦਿੰਦੇ ਹੋ, ਅਤੇ ਉਹ ਨਹੀਂ ਜਿੱਤਦੇ, ਤਾਂ ਵੀ ਤੁਹਾਡੀ ਵੋਟ ਤੁਹਾਡੇ ਮੈਂਬਰ ਨੂੰ ਚੁਣਨ ਲਈ ਗਿਣੀ ਜਾਵੇਗੀ।

ਹੇਠਲੇ ਸਦਨ ਦੇ ਛੋਟੇ ਬੈਲਟ ਪੇਪਰ 'ਤੇ ਸਹੀ ਢੰਗ ਨਾਲ ਵੋਟ ਪਾਉਣ ਲਈ, ਤੁਹਾਨੂੰ ਹਰ ਡੱਬੇ ਵਿੱਚ ਆਪਣੀ ਪਸੰਦ ਦੇ ਅਨੁਸਾਰ ਨੰਬਰ ਲਿਖਣੇ ਹੋਣਗੇ:

  1. ਆਪਣੀ ਪਹਿਲੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 1 ਲਿਖੋ।
  2. ਆਪਣੀ ਦੂਜੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 2 ਲਿਖੋ।
  3. ਨੰਬਰ 3, 4, 5 ਆਦਿ ਲਿਖਦੇ ਜਾਓ ਜਦ ਤੱਕ ਕਿ ਹਰ ਡੱਬੇ ਵਿੱਚ ਨੰਬਰ ਲਿਖ ਦਿਓ।

ਵਿਧਾਨ ਸਭਾ 

ਚੋਣਾਂ ਦਾ ਫ਼ੈਸਲਾ ਇੱਕ ਵਿਧੀ ਦੁਆਰਾ ਕੀਤਾ ਜਾਂਦਾ ਹੈ ਜਿਸਨੂੰ ਵਿਕਲਪਿਕ ਤਰਜੀਹੀ ਵੋਟਿੰਗ ਕਿਹਾ ਜਾਂਦਾ ਹੈ। ਤੁਸੀਂ ਵੈਸਟਰਨ ਆਸਟ੍ਰੇਲੀਆ ਦੇ ਪੂਰੇ ਰਾਜ ਤੋਂ 37 ਮੈਂਬਰਾਂ ਲਈ ਵੋਟਿੰਗ ਕਰੋਗੇ।

ਚੁਣੇ ਜਾਣ ਲਈ, ਉਮੀਦਵਾਰ ਨੂੰ ਵੋਟਾਂ ਦਾ ਇੱਕ ਨਿਸ਼ਚਿਤ ਅਨੁਪਾਤ ਪ੍ਰਾਪਤ ਕਰਨਾ ਲਾਜ਼ਮੀ ਹੈ, ਜਿਸਨੂੰ ਕੋਟਾ ਕਿਹਾ ਜਾਂਦਾ ਹੈ।  

ਜੇਕਰ ਕਿਸੇ ਉਮੀਦਵਾਰ ਨੂੰ ਕੋਟਾ ਜਾਂ ਇਸ ਤੋਂ ਵੱਧ ਵੋਟਾਂ ਮਿਲਦੀਆਂ ਹਨ, ਤਾਂ ਉਹ ਚੁਣਿਆ ਜਾਵੇਗਾ। ਜੇਕਰ ਉਮੀਦਵਾਰ ਪਹਿਲੀ ਪਸੰਦ ਅਨੁਸਾਰ ਮਿਲੀਆਂ ਵੋਟਾਂ ਰਾਹੀਂ ਇਸ ਕੋਟੇ ਤੱਕ ਨਹੀਂ ਪਹੁੰਚਦਾ, ਤਾਂ ਉਹਨੂੰ ਇਹ ਕੋਟਾ ਉਹਨਾਂ ਉਮੀਦਵਾਰਾਂ ਦੀਆਂ ਤਰਜੀਹੀ ਵੋਟਾਂ ਤੋਂ ਮਿਲ ਸਕਦਾ ਹੈ, ਜਿਨ੍ਹਾਂ ਨੂੰ ਪਹਿਲੀ ਪਸੰਦ ਅਨੁਸਾਰ ਘੱਟ ਵੋਟਾਂ ਮਿਲੀਆਂ ਹਨ ਅਤੇ ਉਹਨਾਂ ਨੂੰ ਚੋਣ ਪ੍ਰਕਿਰਿਆ ਤੋਂ ਹਟਾ ਦਿੱਤਾ ਜਾਂਦਾ ਹੈ।

ਤੁਸੀਂ ਲਾਈਨ ਦੇ ਉੱਪਰ ਜਾਂ ਲਾਈਨ ਤੋਂ ਹੇਠਾਂ ਵੋਟ ਕਰ ਸਕਦੇ ਹੋ, ਪਰ ਦੋਵੇਂ ਨਹੀਂ।

ਜੇਕਰ ਤੁਸੀਂ ਲਾਈਨ ਤੋਂ ਉੱਪਰ ਵੋਟ ਕਰਨਾ ਚੁਣਦੇ ਹੋ:

  • ਆਪਣੀ ਪਸੰਦ ਦੇ ਸਮੂਹ ਜਾਂ ਪਾਰਟੀ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 1 ਲਿਖੋ।
  • ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਇਸ ਲਾਈਨ ਦੇ ਉੱਪਰ ਆਪਣੀ ਦੂਜੀ ਪਸੰਦ ਦੇ ਅੱਗੇ ਬਣੇ ਡੱਬਿਆਂ ਨੂੰ ਨੰਬਰ ਦਿਓ।
  • ਬਾਕੀ ਬੈਲਟ ਪੇਪਰ ਨੂੰ ਖ਼ਾਲੀ ਛੱਡ ਸਕਦੇ ਹੋ।
  • ਇਸ ਲਾਈਨ ਦੇ ਹੇਠਾਂ ਕੋਈ ਵੀ ਨੰਬਰ ਨਾ ਲਿਖੋ।

ਜੇਕਰ ਤੁਸੀਂ ਲਾਈਨ ਤੋਂ ਹੇਠਾਂ ਵੋਟ ਕਰਨਾ ਚੁਣਦੇ ਹੋ:

  • ਉਸ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 1 ਲਿਖੋ ਜੋ ਤੁਹਾਡੀ ਪਹਿਲੀ ਪਸੰਦ ਹੈ।
  • ਉਸ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 2 ਲਿਖੋ ਜੋ ਤੁਹਾਡੀ ਦੂਜੀ ਪਸੰਦ ਹੈ।
  • ਇਸ ਤਰ੍ਹਾਂ ਹੀ ਨੰਬਰ 3, 4, 5, 6, ਅਤੇ ਅੱਗੇ ਲਿਖਣਾ ਜਾਰੀ ਰੱਖੋ, ਜਦੋਂ ਤੱਕ ਤੁਸੀਂ ਘੱਟੋ-ਘੱਟ 20 ਡੱਬਿਆਂ ਨੂੰ ਨੰਬਰ ਨਾ ਲਗਾ ਲਵੋ।
  • ਤੁਸੀਂ 12 ਤੋਂ ਵੱਧ ਉਮੀਦਵਾਰਾਂ ਨੂੰ ਨੰਬਰ ਦੇਣ ਦੀ ਚੋਣ ਕਰ ਸਕਦੇ ਹੋ, ਪਰ ਤੁਹਾਡੀ ਵੋਟ ਦੀ ਗਿਣਤੀ ਕਰਨ ਲਈ ਸਿਰਫ਼ 20 ਦੀ ਲੋੜ ਹੈ।
  • ਇਸ ਲਾਈਨ ਤੋਂ ਉੱਪਰ ਕੋਈ ਵੀ ਨੰਬਰ ਨਾ ਲਿਖੋ।
  • ਲਾਈਨ ਦੇ ਹੇਠਾਂ ਵੋਟ ਦੇ ਕੇ, ਤੁਸੀਂ ਆਪਣੀਆਂ ਤਰਜੀਹਾਂ ਦਾ ਸਿੱਧਾ ਫ਼ੈਸਲਾ ਕਰਦੇ ਹੋ।

ਗ਼ੈਰ-ਰਸਮੀ ਵੋਟਾਂ

ਜੇਕਰ ਬੈਲਟ ਪੇਪਰ ਨੂੰ ਸਹੀ ਢੰਗ ਨਾਲ ਨਹੀਂ ਭਰਿਆ ਗਿਆ ਹੈ, ਤਾਂ ਇਸਨੂੰ ਗ਼ੈਰ-ਰਸਮੀ ਵੋਟ ਕਿਹਾ ਜਾਂਦਾ ਹੈ। ਗ਼ੈਰ-ਰਸਮੀ ਵੋਟਾਂ ਨੂੰ ਚੋਣ ਨਤੀਜਿਆਂ ਵਿੱਚ ਨਹੀਂ ਗਿਣਿਆ ਜਾ ਸਕਦਾ। ਬੈਲਟ ਪੇਪਰ ਨੂੰ ਉਦੋਂ ਗ਼ੈਰ-ਰਸਮੀ ਮੰਨਿਆ ਜਾ ਸਕਦਾ ਹੈ ਜਦੋਂ ਕੋਈ:

  • ਡੱਬਿਆਂ ਵਿੱਚ ਸਹੀ, ਗ਼ਲਤ ਜਾਂ ਕੋਈ ਹੋਰ ਨਿਸ਼ਾਨ ਲਗਾਉਂਦਾ ਹੈ
  • ਲੋੜੀਂਦੀ ਗਿਣਤੀ ਦੇ ਡੱਬਿਆਂ ਵਿੱਚ ਨੰਬਰ ਨਹੀਂ ਭਰਦਾ ਹੈ
  • ਨੰਬਰਾਂ ਨੂੰ ਛੱਡ ਦਿੰਦਾ ਜਾਂ ਦੁਹਰਾਉਂਦਾ ਹੈ
  • ਬੈਲਟ ਪੇਪਰ ਨੂੰ ਖ਼ਾਲੀ ਛੱਡ ਦਿੰਦਾ ਹੈ।

ਗ਼ਲਤੀ ਕਰਨਾ

ਜੇਕਰ ਤੁਸੀਂ ਆਪਣੇ ਬੈਲਟ ਪੇਪਰ 'ਤੇ ਕੋਈ ਗ਼ਲਤੀ ਕਰਦੇ ਹੋ ਤਾਂ ਇਹ ਠੀਕ ਹੈ। ਤੁਸੀਂ ਇਸਨੂੰ ਕੱਟ ਸਕਦੇ ਹੋ ਅਤੇ ਇਸਦੇ ਅੱਗੇ ਸਹੀ ਨੰਬਰ ਭਰ ਸਕਦੇ ਹੋ।

ਜੇਕਰ ਤੁਸੀਂ ਚਿੰਤਤ ਹੋ ਕਿ WA Electoral Commission ਤੁਹਾਡੇ ਵਲੋਂ ਕੀਤੀਆਂ ਸੋਧਾਂ ਨੂੰ ਨਹੀਂ ਸਮਝੇਗਾ, ਤਾਂ ਤੁਸੀਂ ਚੋਣ ਅਮਲੇ ਨੂੰ ਆਪਣਾ ਬੈਲਟ ਪੇਪਰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਜੇਕਰ ਤੁਸੀਂ ਆਪਣੇ ਬੈਲਟ ਪੇਪਰ ਨੂੰ ਨੁਕਸਾਨ ਪਹੁੰਚਾ ਲੈਂਦੇ ਜਾਂ ਫਾੜ ਲੈਂਦੇ ਹੋ, ਤਾਂ ਤੁਸੀਂ ਇਸਨੂੰ ਚੋਣ ਅਮਲੇ ਨੂੰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਤੁਸੀਂ ਆਪਣਾ ਬੈਲਟ ਪੇਪਰ ਭਰਨ ਲਈ ਮੱਦਦ ਵੀ ਮੰਗ ਸਕਦੇ ਹੋ।

ਤੁਹਾਡੀ ਵੋਟ ਸਿਰਫ਼ ਤੁਹਾਡੀ ਆਪਣੀ ਚੋਣ ਹੈ

ਇਹ ਜਾਣਨਾ ਮਹੱਤਵਪੂਰਨ ਹੈ ਕਿ ਸਿਰਫ਼ ਤੁਸੀਂ ਹੀ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਉਣੀ ਹੈ। ਹੋਰ ਲੋਕ ਤੁਹਾਨੂੰ ਸੁਝਾਅ ਦੇ ਸਕਦੇ ਹਨ ਕਿ ਕਿਸ ਨੂੰ ਵੋਟ ਪਾਈਏ, ਪਰ ਉਹ ਤੁਹਾਨੂੰ ਵੋਟ ਪਾਉਣ ਲਈ ਮਜ਼ਬੂਰ ਨਹੀਂ ਕਰ ਸਕਦੇ ਜਿਵੇਂ ਉਹ ਚਾਹੁੰਦੇ ਹਨ। ਜਦੋਂ ਕਿ ਵੋਟ ਪਾਉਣ ਤੋਂ ਪਹਿਲਾਂ ਤੁਹਾਡੇ ਨਾਮ ਦੀ ਵੋਟਰ ਸੂਚੀ ਵਿੱਚ ਜਾਂਚ ਕੀਤੀ ਜਾਵੇਗੀ, ਪਰ ਤੁਹਾਡੇ ਦੁਆਰਾ ਵੋਟ ਪਾਉਣ ਤੋਂ ਬਾਅਦ ਤੁਹਾਡੀ ਵੋਟ ਗੁੰਮਨਾਮ ਅਤੇ ਗੁਪਤ ਹੁੰਦੀ ਹੈ।

ਜੇਕਰ ਤੁਸੀਂ ਦੂਜੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ, ਤਾਂ ਇਹ ਤੁਹਾਡੀ ਮਰਜ਼ੀ ਹੈ। ਕੋਈ ਵੀ ਤੁਹਾਨੂੰ ਉਹਨਾਂ ਨੂੰ ਇਹ ਦੱਸਣ ਲਈ ਮਜ਼ਬੂਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀ ਵੀ ਨਹੀਂ। ਜੇਕਰ ਤੁਸੀਂ ਅਸੁਰੱਖਿਅਤ ਜਾਂ ਦਬਾਅ ਵਿੱਚ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਝੂਠ ਬੋਲਣਾ ਗ਼ੈਰ-ਕਾਨੂੰਨੀ ਨਹੀਂ ਹੈ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ ਅਤੇ ਕੋਈ ਵੀ ਇਹ ਪਤਾ ਨਹੀਂ ਲਗਾ ਸਕੇਗਾ ਕਿਉਂਕਿ ਤੁਹਾਡੀ ਵੋਟ ਗੁਪਤ ਹੁੰਦੀ ਹੈ।