ਤਸਮਾਨੀਆ

ਤਸਮਾਨੀਆ ਦੀ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ?

ਤੁਹਾਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ:

  • ਛੋਟਾ ਬੈਲਟ ਪੇਪਰ ਵਿਧਾਨ ਸਭਾ (ਹੇਠਲੇ ਸਦਨ) ਲਈ ਹੈ
  • ਵੱਡਾ ਬੈਲਟ ਪੇਪਰ ਵਿਧਾਨ ਪ੍ਰੀਸ਼ਦ (ਉੱਪਰ ਸਦਨ) ਲਈ ਹੈ

ਵਿਧਾਨ ਸਭਾ

ਤੁਸੀਂ ਆਪਣੇ ਚੋਣ ਹਲਕੇ ਦੇ ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰਾਂ ਲਈ ਵੋਟ ਕਰੋਗੇ। ਤਸਮਾਨੀਆ ਦੇ 35 ਚੋਣ ਹਲਕਿਆਂ ਵਿਚੋਂ ਕਿਸੇ ਇੱਕ ਲਈ।

ਤਸਮਾਨੀਆ ਵਿੱਚ ਰੌਬਸਨ ਰੋਟੇਸ਼ਨ ਨਾਮ ਦੀ ਇੱਕ ਪ੍ਰਣਾਲੀ ਵਰਤੀ ਜਾਂਦੀ ਹੈ, ਜਿਸਦਾ ਅਰਥ ਹੈ ਕਿ ਰਾਜਨੀਤਿਕ ਪਾਰਟੀਆਂ ਦੇ ਨਾਵਾਂ ਦਾ ਕ੍ਰਮ ਹਰੇਕ ਬੈਲਟ 'ਤੇ ਅਲੱਗ-ਅਲੱਗ ਹੁੰਦਾ ਹੈ।

ਚੋਣਾਂ ਦਾ ਫ਼ੈਸਲਾ ਇੱਕ ਵਿਧੀ ਦੁਆਰਾ ਕੀਤਾ ਜਾਂਦਾ ਹੈ ਜਿਸਨੂੰ ਅਨੁਪਾਤਕ ਨੁਮਾਇੰਦਗੀ ਵੋਟਿੰਗ ਕਿਹਾ ਜਾਂਦਾ ਹੈ। ਵੋਟਰ ਸਾਰੇ ਉਮੀਦਵਾਰਾਂ ਨੂੰ ਉਹਨਾਂ ਦੀ ਸਭ ਤੋਂ ਪਸੰਦੀਦਾ (ਪਹਿਲੀ ਤਰਜੀਹ) ਤੋਂ ਲੈ ਕੇ ਉਹਨਾਂ ਦੇ ਸਭ ਤੋਂ ਘੱਟ ਪਸੰਦੀਦਾ ਉਮੀਦਵਾਰ ਤੱਕ ਦਰਜਾ ਦਿੰਦੇ ਹਨ। ਜਿੱਤਣ ਲਈ, ਉਮੀਦਵਾਰ ਨੂੰ ਵੋਟਾਂ ਦਾ ਇੱਕ ਨਿਸ਼ਚਿਤ ਅਨੁਪਾਤ ਪ੍ਰਾਪਤ ਹੋਣਾ ਚਾਹੀਦਾ ਹੈ, ਜਿਸਨੂੰ ਕੋਟਾ ਕਿਹਾ ਜਾਂਦਾ ਹੈ।

ਜੇਕਰ ਕਿਸੇ ਉਮੀਦਵਾਰ ਨੂੰ ਨਿਰਧਾਰਤ ਕੋਟੇ ਜਿੰਨ੍ਹੀਆਂ ਜਾਂ ਇਸ ਤੋਂ ਵੱਧ ਵੋਟਾਂ ਮਿਲਦੀਆਂ ਹਨ ਤਾਂ ਉਹ ਚੁਣਿਆ ਜਾਵੇਗਾ। ਜੇਕਰ ਉਹ ਸਿਰਫ਼ ਪਹਿਲੀ ਪਸੰਦ ਵਾਲੀਆਂ ਵੋਟਾਂ ਨਾਲ ਇਹ ਕੋਟਾ ਪੂਰਾ ਨਹੀਂ ਕਰਦਾ, ਤਾਂ ਉਹ ਪਹਿਲੀ ਪਸੰਦ ਵਜੋਂ ਘੱਟ ਵੋਟਾਂ ਮਿਲਣ ਕਰਕੇ ਖਾਰਜ ਕੀਤੇ ਗਏ ਉਮੀਦਵਾਰਾਂ ਤੋਂ ਵੰਡੀਆਂ ਗਈਆਂ ਤਰਜੀਹੀ ਵੋਟਾਂ ਤੋਂ ਕੋਟਾ ਪ੍ਰਾਪਤ ਕਰ ਸਕਦਾ ਹੈ। ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਸਾਰੇ ਖ਼ਾਲੀ ਅਹੁਦੇ ਭਰ ਨਹੀਂ ਲਏ ਜਾਂਦੇ ਹਨ।

ਹੇਠਲੇ ਸਦਨ ਦੇ ਛੋਟੇ ਬੈਲਟ ਪੇਪਰ 'ਤੇ ਸਹੀ ਢੰਗ ਨਾਲ ਵੋਟ ਪਾਉਣ ਲਈ, ਤੁਹਾਨੂੰ ਆਪਣੀ ਪਸੰਦ ਦੇ ਕ੍ਰਮ ਵਿੱਚ ਘੱਟੋ-ਘੱਟ 7 ਡੱਬਿਆਂ ਨੂੰ ਨੰਬਰ ਦੇਣ ਦੀ ਲੋੜ ਹੈ:

  1. ਆਪਣੀ ਪਹਿਲੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 1 ਲਿਖੋ।
  2. ਆਪਣੀ ਦੂਜੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 2 ਲਿਖੋ।
  3. ਇਸ ਤਰ੍ਹਾਂ ਹੀ ਨੰਬਰ 3, 4, 5, 6, ਅਤੇ ਅੱਗੇ ਲਿਖਣਾ ਜਾਰੀ ਰੱਖੋ ਜਦੋਂ ਤੱਕ ਤੁਹਾਡੇ ਕੋਲ ਘੱਟੋ-ਘੱਟ 7 ਡੱਬਿਆਂ ਵਿੱਚ ਨੰਬਰ ਨਾ ਲਗਾ ਲਵੋ।
  4. ਤੁਸੀਂ 7 ਤੋਂ ਵੱਧ ਉਮੀਦਵਾਰਾਂ ਨੂੰ ਨੰਬਰ ਦੇਣਾ ਜਾਰੀ ਰੱਖ ਸਕਦੇ ਹੋ, ਪਰ ਤੁਹਾਡੀ ਵੋਟ ਦੀ ਗਿਣਤੀ ਕਰਨ ਲਈ ਸਿਰਫ਼ 7 ਡੱਬਿਆਂ ਵਿੱਚ ਨੰਬਰ ਦੇਣ ਦੀ ਲੋੜ ਹੈ।

ਵਿਧਾਨ ਪ੍ਰੀਸ਼ਦ

ਚੋਣਾਂ ਦਾ ਫ਼ੈਸਲਾ ਅੰਸ਼ਕ ਤਰਜੀਹੀ ਵੋਟਿੰਗ ਨਾਮਕ ਵਿਧੀ ਦੁਆਰਾ ਕੀਤਾ ਜਾਂਦਾ ਹੈ। ਤੁਸੀਂ ਆਪਣੀ ਡਿਵੀਜ਼ਨ ਦੇ ਇੱਕ ਮੈਂਬਰ ਲਈ ਵੋਟ ਪਾਓਗੇ। ਇੱਥੇ ਕੁੱਲ 15 ਡਿਵੀਜ਼ਨਾਂ ਹਨ।

ਜਿੱਤਣ ਲਈ, ਉਮੀਦਵਾਰ ਨੂੰ ਬਾਕੀ ਦੇ ਸਾਰੇ ਉਮੀਦਵਾਰਾਂ ਦੇ ਹਟਾਏ ਜਾਣ ਤੋਂ ਬਾਅਦ ਬਹੁਮਤ ਦੁਆਰਾ ਪਸੰਦ ਕੀਤਾ ਜਾਣਾ ਚਾਹੀਦਾ ਹੈ।

ਅੰਸ਼ਕ ਤਰਜੀਹੀ ਵੋਟਿੰਗ ਪ੍ਰਣਾਲੀ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣੀ ਪਹਿਲੀ ਪਸੰਦ ਦੇ ਤੌਰ 'ਤੇ ਕਿਸੇ ਘੱਟ ਪ੍ਰਸਿੱਧ ਉਮੀਦਵਾਰ ਜਾਂ ਕਿਸੇ ਛੋਟੀ ਪਾਰਟੀ ਨੂੰ ਵੋਟ ਦਿੰਦੇ ਹੋ, ਅਤੇ ਉਹ ਨਹੀਂ ਜਿੱਤਦੇ, ਤਾਂ ਵੀ ਤੁਹਾਡੀ ਵੋਟ ਤੁਹਾਡੇ ਮੈਂਬਰ ਨੂੰ ਚੁਣਨ ਲਈ ਗਿਣੀ ਜਾਵੇਗੀ।

ਵਿਧਾਨ ਪ੍ਰੀਸ਼ਦ ਵਿੱਚ ਸਹੀ ਢੰਗ ਨਾਲ ਵੋਟ ਪਾਉਣ ਲਈ, ਤੁਹਾਨੂੰ ਉਮੀਦਵਾਰਾਂ ਦੀ ਗਿਣਤੀ ਦੇ ਆਧਾਰ 'ਤੇ ਕਈ ਡੱਬਿਆਂ ਵਿੱਚ ਨੰਬਰ ਲਿਖਣੇ ਪੈਂਦੇ ਹਨ:

  • ਜਿੱਥੇ 3 ਤੋਂ ਵੱਧ ਉਮੀਦਵਾਰ ਹਨ, ਉੱਥੇ ਘੱਟੋ-ਘੱਟ 1, 2, ਅਤੇ 3 ਨੰਬਰ ਲਿਖੋ।
  • ਜਿੱਥੇ 3 ਉਮੀਦਵਾਰ ਹਨ, ਉੱਥੇ ਘੱਟੋ-ਘੱਟ 1 ਅਤੇ 2 ਨੰਬਰ ਲਿਖੋ।
  • ਜਿੱਥੇ 2 ਉਮੀਦਵਾਰ ਹਨ, ਉੱਥੇ ਘੱਟੋ-ਘੱਟ 1 ਨੰਬਰ ਲਿਖੋ।
  1. ਉਮੀਦਵਾਰਾਂ ਦੀ ਗਿਣਤੀ 'ਤੇ ਨਿਰਭਰ ਕਰਦੇ ਹੋਏ ਡੱਬਿਆਂ ਦੀ ਲੋੜੀਂਦੀ ਘੱਟੋ-ਘੱਟ ਗਿਣਤੀ 'ਤੇ ਨੰਬਰ ਲਿਖੋ।
  2. ਤੁਸੀਂ ਹੋਰ ਉਮੀਦਵਾਰਾਂ ਨੂੰ ਨੰਬਰ ਦੇਣਾ ਜਾਰੀ ਰੱਖ ਸਕਦੇ ਹੋ, ਪਰ ਤੁਹਾਡੀ ਵੋਟ ਮੰਨੀ ਜਾਣ ਲਈ ਸਿਰਫ਼ ਉੱਪਰ ਦਿੱਤੇ ਘੱਟੋ-ਘੱਟ ਨੰਬਰ ਲੋੜੀਂਦੇ ਹਨ।

ਗ਼ੈਰ-ਰਸਮੀ ਵੋਟਾਂ

ਜੇਕਰ ਬੈਲਟ ਪੇਪਰ ਨੂੰ ਸਹੀ ਢੰਗ ਨਾਲ ਨਹੀਂ ਭਰਿਆ ਗਿਆ ਹੈ, ਤਾਂ ਇਸਨੂੰ ਗ਼ੈਰ-ਰਸਮੀ ਵੋਟ ਕਿਹਾ ਜਾਂਦਾ ਹੈ। ਗ਼ੈਰ-ਰਸਮੀ ਵੋਟਾਂ ਨੂੰ ਚੋਣ ਨਤੀਜਿਆਂ ਵਿੱਚ ਨਹੀਂ ਗਿਣਿਆ ਜਾ ਸਕਦਾ। ਬੈਲਟ ਪੇਪਰ ਨੂੰ ਉਦੋਂ ਗ਼ੈਰ-ਰਸਮੀ ਮੰਨਿਆ ਜਾ ਸਕਦਾ ਹੈ ਜਦੋਂ ਕੋਈ:

  • ਡੱਬਿਆਂ ਵਿੱਚ ਸਹੀ, ਗ਼ਲਤ ਜਾਂ ਕੋਈ ਹੋਰ ਨਿਸ਼ਾਨ ਲਗਾਉਂਦਾ ਹੈ
  • ਲੋੜੀਂਦੀ ਗਿਣਤੀ ਦੇ ਡੱਬਿਆਂ ਵਿੱਚ ਨੰਬਰ ਨਹੀਂ ਭਰਦਾ ਹੈ
  • ਨੰਬਰਾਂ ਨੂੰ ਛੱਡ ਦਿੰਦਾ ਜਾਂ ਦੁਹਰਾਉਂਦਾ ਹੈ
  • ਬੈਲਟ ਪੇਪਰ ਨੂੰ ਖ਼ਾਲੀ ਛੱਡ ਦਿੰਦਾ ਹੈ।

ਗ਼ਲਤੀ ਕਰਨਾ

ਜੇਕਰ ਤੁਸੀਂ ਆਪਣੇ ਬੈਲਟ ਪੇਪਰ 'ਤੇ ਕੋਈ ਗ਼ਲਤੀ ਕਰਦੇ ਹੋ ਤਾਂ ਇਹ ਠੀਕ ਹੈ। ਤੁਸੀਂ ਇਸਨੂੰ ਕੱਟ ਸਕਦੇ ਹੋ ਅਤੇ ਇਸਦੇ ਅੱਗੇ ਸਹੀ ਨੰਬਰ ਭਰ ਸਕਦੇ ਹੋ।

ਜੇਕਰ ਤੁਸੀਂ ਚਿੰਤਤ ਹੋ ਕਿ Tasmanian Electoral Commission ਤੁਹਾਡੇ ਵਲੋਂ ਕੀਤੀਆਂ ਸੋਧਾਂ ਨੂੰ ਨਹੀਂ ਸਮਝੇਗਾ, ਤਾਂ ਤੁਸੀਂ ਚੋਣ ਅਮਲੇ ਨੂੰ ਆਪਣਾ ਬੈਲਟ ਪੇਪਰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਜੇਕਰ ਤੁਸੀਂ ਆਪਣੇ ਬੈਲਟ ਪੇਪਰ ਨੂੰ ਨੁਕਸਾਨ ਪਹੁੰਚਾ ਲੈਂਦੇ ਜਾਂ ਫਾੜ ਲੈਂਦੇ ਹੋ,, ਤਾਂ ਤੁਸੀਂ ਇਸਨੂੰ ਚੋਣ ਅਮਲੇ ਨੂੰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਤੁਸੀਂ ਆਪਣਾ ਬੈਲਟ ਪੇਪਰ ਭਰਨ ਲਈ ਮੱਦਦ ਵੀ ਮੰਗ ਸਕਦੇ ਹੋ।

ਤੁਹਾਡੀ ਵੋਟ ਸਿਰਫ਼ ਤੁਹਾਡੀ ਆਪਣੀ ਚੋਣ ਹੈ 

ਇਹ ਜਾਣਨਾ ਮਹੱਤਵਪੂਰਨ ਹੈ ਕਿ ਸਿਰਫ਼ ਤੁਸੀਂ ਹੀ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਉਣੀ ਹੈ। ਹੋਰ ਲੋਕ ਤੁਹਾਨੂੰ ਸੁਝਾਅ ਦੇ ਸਕਦੇ ਹਨ ਕਿ ਕਿਸ ਨੂੰ ਵੋਟ ਪਾਈਏ, ਪਰ ਉਹ ਤੁਹਾਨੂੰ ਵੋਟ ਪਾਉਣ ਲਈ ਮਜ਼ਬੂਰ ਨਹੀਂ ਕਰ ਸਕਦੇ ਜਿਵੇਂ ਉਹ ਚਾਹੁੰਦੇ ਹਨ। ਜਦੋਂ ਕਿ ਵੋਟ ਪਾਉਣ ਤੋਂ ਪਹਿਲਾਂ ਤੁਹਾਡੇ ਨਾਮ ਦੀ ਵੋਟਰ ਸੂਚੀ ਵਿੱਚ ਜਾਂਚ ਕੀਤੀ ਜਾਵੇਗੀ, ਪਰ ਤੁਹਾਡੇ ਦੁਆਰਾ ਵੋਟ ਪਾਉਣ ਤੋਂ ਬਾਅਦ ਤੁਹਾਡੀ ਵੋਟ ਗੁੰਮਨਾਮ ਅਤੇ ਗੁਪਤ ਹੁੰਦੀ ਹੈ।

ਜੇਕਰ ਤੁਸੀਂ ਦੂਜੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ, ਤਾਂ ਇਹ ਤੁਹਾਡੀ ਮਰਜ਼ੀ ਹੈ। ਕੋਈ ਵੀ ਤੁਹਾਨੂੰ ਉਹਨਾਂ ਨੂੰ ਇਹ ਦੱਸਣ ਲਈ ਮਜ਼ਬੂਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀ ਵੀ ਨਹੀਂ। ਜੇਕਰ ਤੁਸੀਂ ਅਸੁਰੱਖਿਅਤ ਜਾਂ ਦਬਾਅ ਵਿੱਚ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਝੂਠ ਬੋਲਣਾ ਗ਼ੈਰ-ਕਾਨੂੰਨੀ ਨਹੀਂ ਹੈ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ ਅਤੇ ਕੋਈ ਵੀ ਇਹ ਪਤਾ ਨਹੀਂ ਲਗਾ ਸਕੇਗਾ ਕਿਉਂਕਿ ਤੁਹਾਡੀ ਵੋਟ ਗੁਪਤ ਹੁੰਦੀ ਹੈ।