ਪੂਰੀ ਤਰਜੀਹੀ ਵੋਟਿੰਗ ਪ੍ਰਣਾਲੀ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣੀ ਪਹਿਲੀ ਪਸੰਦ ਦੇ ਤੌਰ 'ਤੇ ਕਿਸੇ ਘੱਟ ਪ੍ਰਸਿੱਧ ਉਮੀਦਵਾਰ ਜਾਂ ਕਿਸੇ ਛੋਟੀ ਪਾਰਟੀ ਨੂੰ ਵੋਟ ਦਿੰਦੇ ਹੋ, ਅਤੇ ਉਹ ਨਹੀਂ ਜਿੱਤਦੇ, ਤਾਂ ਵੀ ਤੁਹਾਡੀ ਵੋਟ ਤੁਹਾਡੇ ਮੈਂਬਰ ਨੂੰ ਚੁਣਨ ਲਈ ਗਿਣੀ ਜਾਵੇਗੀ।
ਬੈਲਟ ਪੇਪਰ 'ਤੇ ਸਹੀ ਢੰਗ ਨਾਲ ਵੋਟ ਪਾਉਣ ਲਈ, ਤੁਹਾਨੂੰ ਹਰ ਡੱਬੇ ਵਿੱਚ ਆਪਣੀ ਪਸੰਦ ਦੇ ਅਨੁਸਾਰ ਨੰਬਰ ਲਿਖਣੇ ਹੋਣਗੇ:
- ਆਪਣੀ ਪਹਿਲੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 1 ਲਿਖੋ।
- ਆਪਣੀ ਦੂਜੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 2 ਲਿਖੋ।
- ਨੰਬਰ 3, 4, 5 ਆਦਿ ਲਿਖਦੇ ਜਾਓ ਜਦ ਤੱਕ ਕਿ ਹਰ ਡੱਬੇ ਵਿੱਚ ਨੰਬਰ ਲਿਖ ਦਿਓ।
ਗ਼ੈਰ-ਰਸਮੀ ਵੋਟਾਂ
ਜੇਕਰ ਬੈਲਟ ਪੇਪਰ ਨੂੰ ਸਹੀ ਢੰਗ ਨਾਲ ਨਹੀਂ ਭਰਿਆ ਗਿਆ ਹੈ, ਤਾਂ ਇਸਨੂੰ ਗ਼ੈਰ-ਰਸਮੀ ਵੋਟ ਕਿਹਾ ਜਾਂਦਾ ਹੈ। ਗ਼ੈਰ-ਰਸਮੀ ਵੋਟਾਂ ਨੂੰ ਚੋਣ ਨਤੀਜਿਆਂ ਵਿੱਚ ਨਹੀਂ ਗਿਣਿਆ ਜਾ ਸਕਦਾ। ਬੈਲਟ ਪੇਪਰ ਨੂੰ ਉਦੋਂ ਗ਼ੈਰ-ਰਸਮੀ ਮੰਨਿਆ ਜਾ ਸਕਦਾ ਹੈ ਜਦੋਂ ਕੋਈ:
- ਡੱਬਿਆਂ ਵਿੱਚ ਸਹੀ, ਗ਼ਲਤ ਜਾਂ ਕੋਈ ਹੋਰ ਨਿਸ਼ਾਨ ਲਗਾਉਂਦਾ ਹੈ
- ਲੋੜੀਂਦੀ ਗਿਣਤੀ ਦੇ ਡੱਬਿਆਂ ਵਿੱਚ ਨੰਬਰ ਨਹੀਂ ਭਰਦਾ ਹੈ
- ਨੰਬਰਾਂ ਨੂੰ ਛੱਡ ਦਿੰਦਾ ਜਾਂ ਦੁਹਰਾਉਂਦਾ ਹੈ
- ਬੈਲਟ ਪੇਪਰ ਨੂੰ ਖ਼ਾਲੀ ਛੱਡ ਦਿੰਦਾ ਹੈ।
ਗ਼ਲਤੀ ਕਰਨਾ
ਜੇਕਰ ਤੁਸੀਂ ਆਪਣੇ ਬੈਲਟ ਪੇਪਰ 'ਤੇ ਕੋਈ ਗ਼ਲਤੀ ਕਰਦੇ ਹੋ ਤਾਂ ਇਹ ਠੀਕ ਹੈ। ਤੁਸੀਂ ਇਸਨੂੰ ਕੱਟ ਸਕਦੇ ਹੋ ਅਤੇ ਇਸਦੇ ਅੱਗੇ ਸਹੀ ਨੰਬਰ ਭਰ ਸਕਦੇ ਹੋ।
ਜੇਕਰ ਤੁਸੀਂ ਚਿੰਤਤ ਹੋ ਕਿ ECQ ਤੁਹਾਡੇ ਵਲੋਂ ਕੀਤੀਆਂ ਸੋਧਾਂ ਨੂੰ ਨਹੀਂ ਸਮਝੇਗਾ, ਤਾਂ ਤੁਸੀਂ ECQ ਦੇ ਚੋਣ ਅਮਲੇ ਨੂੰ ਆਪਣਾ ਬੈਲਟ ਪੇਪਰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।
ਜੇਕਰ ਤੁਸੀਂ ਆਪਣੇ ਬੈਲਟ ਪੇਪਰ ਨੂੰ ਨੁਕਸਾਨ ਪਹੁੰਚਾ ਲੈਂਦੇ ਜਾਂ ਫਾੜ ਲੈਂਦੇ ਹੋ, ਤਾਂ ਤੁਸੀਂ ਇਸਨੂੰ ਚੋਣ ਅਮਲੇ ਨੂੰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।
ਤੁਸੀਂ ਆਪਣਾ ਬੈਲਟ ਪੇਪਰ ਭਰਨ ਲਈ ਮੱਦਦ ਵੀ ਮੰਗ ਸਕਦੇ ਹੋ।
ਤੁਹਾਡੀ ਵੋਟ ਸਿਰਫ਼ ਤੁਹਾਡੀ ਆਪਣੀ ਚੋਣ ਹੈ
ਇਹ ਜਾਣਨਾ ਮਹੱਤਵਪੂਰਨ ਹੈ ਕਿ ਸਿਰਫ਼ ਤੁਸੀਂ ਹੀ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਉਣੀ ਹੈ। ਹੋਰ ਲੋਕ ਤੁਹਾਨੂੰ ਸੁਝਾਅ ਦੇ ਸਕਦੇ ਹਨ ਕਿ ਕਿਸ ਨੂੰ ਵੋਟ ਪਾਈਏ, ਪਰ ਉਹ ਤੁਹਾਨੂੰ ਵੋਟ ਪਾਉਣ ਲਈ ਮਜ਼ਬੂਰ ਨਹੀਂ ਕਰ ਸਕਦੇ ਜਿਵੇਂ ਉਹ ਚਾਹੁੰਦੇ ਹਨ। ਜਦੋਂ ਕਿ ਵੋਟ ਪਾਉਣ ਤੋਂ ਪਹਿਲਾਂ ਤੁਹਾਡੇ ਨਾਮ ਦੀ ਵੋਟਰ ਸੂਚੀ ਵਿੱਚ ਜਾਂਚ ਕੀਤੀ ਜਾਵੇਗੀ, ਪਰ ਤੁਹਾਡੇ ਦੁਆਰਾ ਵੋਟ ਪਾਉਣ ਤੋਂ ਬਾਅਦ ਤੁਹਾਡੀ ਵੋਟ ਗੁੰਮਨਾਮ ਅਤੇ ਗੁਪਤ ਹੁੰਦੀ ਹੈ।
ਇਹ ਤੁਹਾਡੀ ਮਰਜ਼ੀ ਹੈ ਕਿ ਕੀ ਤੁਸੀਂ ਦੂਜੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ। ਕੋਈ ਵੀ ਤੁਹਾਨੂੰ ਉਹਨਾਂ ਨੂੰ ਦੱਸਣ ਲਈ ਮਜ਼ਬੂਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀ ਵੀ ਨਹੀਂ। ਜੇਕਰ ਤੁਸੀਂ ਅਸੁਰੱਖਿਅਤ ਜਾਂ ਦਬਾਅ ਪਾਇਆ ਜਾਂਦਾ ਮਹਿਸੂਸ ਕਰਦੇ ਹੋ, ਤਾਂ ਇਹ ਗ਼ੈਰ-ਕਾਨੂੰਨੀ ਨਹੀਂ ਹੈ ਕਿ ਤੁਸੀਂ ਇਸ ਗੱਲ ਬਾਰੇ ਝੂਠ ਬੋਲੋ ਕਿ ਤੁਸੀਂ ਕਿਸ ਨੂੰ ਵੋਟ ਪਾਈ, ਅਤੇ ਕਿਸੇ ਨੂੰ ਵੀ ਕਦੇ ਵੀ ਇਹ ਪਤਾ ਨਹੀਂ ਲੱਗ ਸਕਦਾ ਕਿਉਂਕਿ ਤੁਹਾਡੀ ਵੋਟ ਗੁਪਤ ਹੁੰਦੀ ਹੈ।