ਕੁਈਨਜ਼ਲੈਂਡ

ਕੁਈਨਜ਼ਲੈਂਡ ਦੀ ਪਾਰਲੀਮੈਂਟ ਕਿਵੇਂ ਕੰਮ ਕਰਦੀ ਹੈ?

ਇਹ ਸਮਝਣਾ ਮਹੱਤਵਪੂਰਨ ਹੈ ਕਿ ਕੁਈਨਜ਼ਲੈਂਡ ਦੀ ਪਾਰਲੀਮੈਂਟ (Queensland’s Parliament) ਕਿਵੇਂ ਕੰਮ ਕਰਦੀ ਹੈ ਅਤੇ ਤੁਹਾਡੀ ਵੋਟ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੁਈਨਜ਼ਲੈਂਡ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ।

ਕੁਈਨਜ਼ਲੈਂਡ ਵਿੱਚ, ਤੁਸੀਂ ਲੋਕਤੰਤਰੀ ਢੰਗ ਨਾਲ ਹਰ ਚਾਰ ਸਾਲਾਂ ਬਾਅਦ ਤੁਹਾਡੀ ਨੁਮਾਇੰਦਗੀ ਕਰਨ ਲਈ ਅਤੇ ਤੁਹਾਡੀ ਤਰਫ਼ੋਂ ਕਾਨੂੰਨ ਬਣਾਉਣ ਅਤੇ ਸਮੀਖਿਆ ਕਰਨ ਲਈ ਪਾਰਲੀਮੈਂਟ ਲਈ ਉਮੀਦਵਾਰਾਂ ਦੀ ਚੋਣ ਕਰਦੇ ਹੋ।

ਇਹ ਉਮੀਦਵਾਰ ਆਮ ਤੌਰ 'ਤੇ - ਪਰ ਹਮੇਸ਼ਾ ਨਹੀਂ - ਸਿਆਸੀ ਪਾਰਟੀਆਂ ਦੇ ਮੈਂਬਰ ਹੁੰਦੇ ਹਨ। ਜੇਕਰ ਕਿਸੇ ਸਿਆਸੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਚੁਣੇ ਜਾਂਦੇ ਹਨ, ਤਾਂ ਉਹ ਕੁਈਨਜ਼ਲੈਂਡ ਸਰਕਾਰ (Queensland Government) ਬਣ ਸਕਦੇ ਹਨ। ਸਰਕਾਰ ਨਾ ਬਣਾ ਸਕਣ ਵਾਲੀ ਸਭ ਤੋਂ ਵੱਡੀ ਪਾਰਟੀ ਨੂੰ ਵਿਰੋਧੀ ਧਿਰ (Opposition) ਕਿਹਾ ਜਾਂਦਾ ਹੈ। ਜੇਕਰ ਕੋਈ ਪਾਰਟੀ ਬਹੁਮਤ ਨਹੀਂ ਪ੍ਰਾਪਤ ਕਰਦੀ, ਤਾਂ ਉਹ ਹੋਰ ਪਾਰਟੀਆਂ ਜਾਂ ਉਮੀਦਵਾਰਾਂ ਨਾਲ ਗਠਜੋੜ ਕਰਕੇ ਸਰਕਾਰ ਬਣਾ ਸਕਦੀ ਹੈ।

ਜਿਹੜੇ ਉਮੀਦਵਾਰ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੁੰਦੇ ਹਨ, ਉਨ੍ਹਾਂ ਨੂੰ ਆਜ਼ਾਦ (independents) ਉਮੀਦਵਾਰ ਕਿਹਾ ਜਾਂਦਾ ਹੈ। ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਚੁਣੇ ਗਏ ਮੈਂਬਰ, ਜੋ ਸਰਕਾਰ ਜਾਂ ਵਿਰੋਧੀ ਧਿਰ ਵਿੱਚ ਸ਼ਾਮਲ ਨਹੀਂ ਹੁੰਦੇ ਹਨ, ਉਹਨਾਂ ਨੂੰ ਕਈ ਵਾਰ ਕ੍ਰਾਸਬੈਂਚ (Crossbench) ਕਿਹਾ ਜਾਂਦਾ ਹੈ।

ਜੋ ਉਮੀਦਵਾਰ ਕਾਮਯਾਬੀ ਨਾਲ ਚੁਣੇ ਜਾਂਦੇ ਹਨ, ਉਹਨਾਂ ਨੂੰ ਵਿਧਾਨ ਸਭਾ ਦੇ ਮੈਂਬਰ (Members of the Legislative Assembly)(MLA) ਕਿਹਾ ਜਾਂਦਾ ਹੈ। ਉਹ ਵਿਧਾਨ ਸਭਾ (Legislative Assembly) ਵਿੱਚ ਕਿਸੇ ਖ਼ਾਸ ਜ਼ਿਲ੍ਹੇ ਜਾਂ ਚੋਣ ਹਲਕੇ' ਦੀ ਨੁਮਾਇੰਦਗੀ ਕਰਦੇ ਹਨ।

ਕੁਈਨਜ਼ਲੈਂਡ ਦੀ ਪਾਰਲੀਮੈਂਟ ਇਕ ਸਦਨ ​​ਵਾਲੀ ਹੈ, ਭਾਵ ਇਸ ਵਿੱਚ ਸਿਰਫ਼ ਇੱਕ ਹੀ ਸਦਨ ਹੈ।

ਵਿਧਾਨ ਸਭਾ

ਵਿਧਾਨ ਸਭਾ 93 ਮੈਂਬਰਾਂ ਦੀ ਬਣੀ ਹੋਈ ਹੁੰਦੀ ਹੈ। ਇਹ ਉਹ ਥਾਂ ਹੈ ਜਿੱਥੇ ਕਾਨੂੰਨ ਬਣਾਏ ਜਾਂਦੇ ਹਨ, ਅਤੇ ਰਾਜ ਦਾ ਬਜਟ ਪਾਸ ਕੀਤਾ ਜਾਂਦਾ ਹੈ। ਪ੍ਰੀਮੀਅਰ (Premier), ਜੋ ਸਰਕਾਰ ਦਾ ਮੁਖੀ ਹੁੰਦਾ ਹੈ, ਇਸ ਸਦਨ ਵਿੱਚ ਚੁਣਿਆ ਜਾਂਦਾ ਹੈ।

ਵਿਧਾਨ ਸਭਾ ਵਿੱਚ ਉਮੀਦਵਾਰਾਂ ਲਈ ਵੋਟ ਪਾਉਣਾ ਮਹੱਤਵਪੂਰਨ ਹੈ ਕਿਉਂਕਿ ਉਹ ਸਰਕਾਰ ਦੇ ਫ਼ੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਵਧੇਰੇ ਜਾਣਕਾਰੀ ਲਈ, Queensland Parliament ਦੀ ਵੈੱਬਸਾਈਟ 'ਤੇ ਜਾਓ।