ਨੋਰਦਰਨ ਟੈਰੀਟਰੀ

ਨੋਰਦਰਨ ਟੈਰੀਟਰੀ ਦੀਆਂ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ?

ਤੁਹਾਨੂੰ ਵਿਧਾਨ ਸਭਾ ਲਈ ਇੱਕ ਬੈਲਟ ਪੇਪਰ ਦਿੱਤਾ ਜਾਵੇਗਾ।

ਵਿਧਾਨ ਸਭਾ

ਤੁਸੀਂ ਉਸ ਮੈਂਬਰ ਲਈ ਵੋਟ ਪਾਓਗੇ ਜੋ ਤੁਹਾਡੇ ਰਿਹਾਇਸ਼ੀ ਇਲਾਕੇ ਵਾਲੇ ਚੋਣ ਹਲਕੇ ਦੀ ਨੁਮਾਇੰਦਗੀ ਕਰ ਰਿਹਾ ਹੋਵੇਗਾ। ਨੋਰਦਰਨ ਟੈਰੀਟਰੀ ਦੇ 25 ਚੋਣ ਹਲਕਿਆਂ ਵਿਚੋਂ ਕਿਸੇ ਇੱਕ ਲਈ।

ਚੋਣਾਂ ਦਾ ਫ਼ੈਸਲਾ ਇੱਕ ਵਿਧੀ ਦੁਆਰਾ ਕੀਤਾ ਜਾਂਦਾ ਹੈ ਜਿਸਨੂੰ ਪੂਰੀ ਤਰਜੀਹੀ ਵੋਟਿੰਗ ਕਿਹਾ ਜਾਂਦਾ ਹੈ। ਵੋਟਰ ਸਾਰੇ ਉਮੀਦਵਾਰਾਂ ਨੂੰ ਉਹਨਾਂ ਦੀ ਸਭ ਤੋਂ ਪਸੰਦੀਦਾ (ਪਹਿਲੀ ਤਰਜੀਹ) ਤੋਂ ਲੈ ਕੇ ਉਹਨਾਂ ਦੇ ਸਭ ਤੋਂ ਘੱਟ ਪਸੰਦੀਦਾ ਉਮੀਦਵਾਰ ਤੱਕ ਦਰਜਾ ਦਿੰਦੇ ਹਨ। ਜਿੱਤਣ ਲਈ, ਉਮੀਦਵਾਰ ਨੂੰ ਬਾਕੀ ਦੇ ਸਾਰੇ ਉਮੀਦਵਾਰਾਂ ਦੇ ਹਟਾਏ ਜਾਣ ਤੋਂ ਬਾਅਦ ਬਹੁਮਤ ਦੁਆਰਾ ਪਸੰਦ ਕੀਤਾ ਜਾਣਾ ਚਾਹੀਦਾ ਹੈ।

ਪੂਰੀ ਤਰਜੀਹੀ ਵੋਟਿੰਗ ਪ੍ਰਣਾਲੀ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣੀ ਪਹਿਲੀ ਪਸੰਦ ਦੇ ਤੌਰ 'ਤੇ ਕਿਸੇ ਘੱਟ ਪ੍ਰਸਿੱਧ ਉਮੀਦਵਾਰ ਜਾਂ ਕਿਸੇ ਛੋਟੀ ਪਾਰਟੀ ਨੂੰ ਵੋਟ ਦਿੰਦੇ ਹੋ, ਅਤੇ ਉਹ ਨਹੀਂ ਜਿੱਤਦੇ, ਤਾਂ ਵੀ ਤੁਹਾਡੀ ਵੋਟ ਤੁਹਾਡੇ ਮੈਂਬਰ ਨੂੰ ਚੁਣਨ ਲਈ ਗਿਣੀ ਜਾਵੇਗੀ।

ਹੇਠਲੇ ਸਦਨ ਦੇ ਛੋਟੇ ਬੈਲਟ ਪੇਪਰ 'ਤੇ ਸਹੀ ਢੰਗ ਨਾਲ ਵੋਟ ਪਾਉਣ ਲਈ, ਤੁਹਾਨੂੰ ਹਰ ਡੱਬੇ ਵਿੱਚ ਆਪਣੀ ਪਸੰਦ ਦੇ ਅਨੁਸਾਰ ਨੰਬਰ ਲਿਖਣੇ ਹੋਣਗੇ:

  1. ਆਪਣੀ ਪਹਿਲੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 1 ਲਿਖੋ।
  2. ਆਪਣੀ ਦੂਜੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 2 ਲਿਖੋ।
  3. ਨੰਬਰ 3, 4, 5 ਆਦਿ ਲਿਖਦੇ ਜਾਓ ਜਦ ਤੱਕ ਕਿ ਹਰ ਡੱਬੇ ਵਿੱਚ ਨੰਬਰ ਲਿਖ ਦਿਓ।

ਗ਼ੈਰ-ਰਸਮੀ ਵੋਟਾਂ

ਜੇਕਰ ਬੈਲਟ ਪੇਪਰ ਨੂੰ ਸਹੀ ਢੰਗ ਨਾਲ ਨਹੀਂ ਭਰਿਆ ਗਿਆ ਹੈ, ਤਾਂ ਇਸਨੂੰ ਗ਼ੈਰ-ਰਸਮੀ ਵੋਟ ਕਿਹਾ ਜਾਂਦਾ ਹੈ। ਗ਼ੈਰ-ਰਸਮੀ ਵੋਟਾਂ ਨੂੰ ਚੋਣ ਨਤੀਜਿਆਂ ਵਿੱਚ ਨਹੀਂ ਗਿਣਿਆ ਜਾ ਸਕਦਾ। ਬੈਲਟ ਪੇਪਰ ਨੂੰ ਉਦੋਂ ਗ਼ੈਰ-ਰਸਮੀ ਮੰਨਿਆ ਜਾ ਸਕਦਾ ਹੈ ਜਦੋਂ ਕੋਈ:

  • ਡੱਬਿਆਂ ਵਿੱਚ ਸਹੀ, ਗ਼ਲਤ ਜਾਂ ਕੋਈ ਹੋਰ ਨਿਸ਼ਾਨ ਲਗਾਉਂਦਾ ਹੈ
  • ਲੋੜੀਂਦੀ ਗਿਣਤੀ ਦੇ ਡੱਬਿਆਂ ਵਿੱਚ ਨੰਬਰ ਨਹੀਂ ਭਰਦਾ ਹੈ
  • ਨੰਬਰਾਂ ਨੂੰ ਛੱਡ ਦਿੰਦਾ ਜਾਂ ਦੁਹਰਾਉਂਦਾ ਹੈ
  • ਬੈਲਟ ਪੇਪਰ ਨੂੰ ਖ਼ਾਲੀ ਛੱਡ ਦਿੰਦਾ ਹੈ।

ਗ਼ਲਤੀ ਕਰਨਾ

ਜੇਕਰ ਤੁਸੀਂ ਆਪਣੇ ਬੈਲਟ ਪੇਪਰ 'ਤੇ ਕੋਈ ਗ਼ਲਤੀ ਕਰਦੇ ਹੋ ਤਾਂ ਇਹ ਠੀਕ ਹੈ। ਤੁਸੀਂ ਇਸਨੂੰ ਕੱਟ ਸਕਦੇ ਹੋ ਅਤੇ ਇਸਦੇ ਅੱਗੇ ਸਹੀ ਨੰਬਰ ਭਰ ਸਕਦੇ ਹੋ।

ਜੇਕਰ ਤੁਸੀਂ ਚਿੰਤਤ ਹੋ ਕਿ Northern Territory Electoral Commission ਤੁਹਾਡੇ ਵਲੋਂ ਕੀਤੀਆਂ ਸੋਧਾਂ ਨੂੰ ਨਹੀਂ ਸਮਝੇਗਾ, ਤਾਂ ਤੁਸੀਂ ਚੋਣ ਅਮਲੇ ਨੂੰ ਆਪਣਾ ਬੈਲਟ ਪੇਪਰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਜੇਕਰ ਤੁਸੀਂ ਆਪਣੇ ਬੈਲਟ ਪੇਪਰ ਨੂੰ ਨੁਕਸਾਨ ਪਹੁੰਚਾ ਲੈਂਦੇ ਜਾਂ ਫਾੜ ਲੈਂਦੇ ਹੋ, ਤਾਂ ਤੁਸੀਂ ਇਸਨੂੰ ਚੋਣ ਅਮਲੇ ਨੂੰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਤੁਸੀਂ ਆਪਣਾ ਬੈਲਟ ਪੇਪਰ ਭਰਨ ਲਈ ਮੱਦਦ ਵੀ ਮੰਗ ਸਕਦੇ ਹੋ।

ਤੁਹਾਡੀ ਵੋਟ ਸਿਰਫ਼ ਤੁਹਾਡੀ ਆਪਣੀ ਚੋਣ ਹੈ

ਇਹ ਜਾਣਨਾ ਮਹੱਤਵਪੂਰਨ ਹੈ ਕਿ ਸਿਰਫ਼ ਤੁਸੀਂ ਹੀ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਉਣੀ ਹੈ। ਹੋਰ ਲੋਕ ਤੁਹਾਨੂੰ ਸੁਝਾਅ ਦੇ ਸਕਦੇ ਹਨ ਕਿ ਕਿਸ ਨੂੰ ਵੋਟ ਪਾਈਏ, ਪਰ ਉਹ ਤੁਹਾਨੂੰ ਵੋਟ ਪਾਉਣ ਲਈ ਮਜ਼ਬੂਰ ਨਹੀਂ ਕਰ ਸਕਦੇ ਜਿਵੇਂ ਉਹ ਚਾਹੁੰਦੇ ਹਨ। ਜਦੋਂ ਕਿ ਵੋਟ ਪਾਉਣ ਤੋਂ ਪਹਿਲਾਂ ਤੁਹਾਡੇ ਨਾਮ ਦੀ ਵੋਟਰ ਸੂਚੀ ਵਿੱਚ ਜਾਂਚ ਕੀਤੀ ਜਾਵੇਗੀ, ਪਰ ਤੁਹਾਡੇ ਦੁਆਰਾ ਵੋਟ ਪਾਉਣ ਤੋਂ ਬਾਅਦ ਤੁਹਾਡੀ ਵੋਟ ਗੁੰਮਨਾਮ ਅਤੇ ਗੁਪਤ ਹੁੰਦੀ ਹੈ।

ਜੇਕਰ ਤੁਸੀਂ ਦੂਜੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ, ਤਾਂ ਇਹ ਤੁਹਾਡੀ ਮਰਜ਼ੀ ਹੈ। ਕੋਈ ਵੀ ਤੁਹਾਨੂੰ ਉਹਨਾਂ ਨੂੰ ਇਹ ਦੱਸਣ ਲਈ ਮਜ਼ਬੂਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀ ਵੀ ਨਹੀਂ। ਜੇਕਰ ਤੁਸੀਂ ਅਸੁਰੱਖਿਅਤ ਜਾਂ ਦਬਾਅ ਵਿੱਚ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਝੂਠ ਬੋਲਣਾ ਗ਼ੈਰ-ਕਾਨੂੰਨੀ ਨਹੀਂ ਹੈ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ ਅਤੇ ਕੋਈ ਵੀ ਇਹ ਪਤਾ ਨਹੀਂ ਲਗਾ ਸਕੇਗਾ ਕਿਉਂਕਿ ਤੁਹਾਡੀ ਵੋਟ ਗੁਪਤ ਹੁੰਦੀ ਹੈ।