ਵੈਸਟਰਨ ਆਸਟ੍ਰੇਲੀਆ ਵਿੱਚ, ਸਥਾਨਕ ਸਰਕਾਰਾਂ ਦੀਆਂ ਚੋਣਾਂ ਹਰ ਦੋ ਸਾਲਾਂ ਵਿੱਚ ਅਕਤੂਬਰ ਵਿੱਚ ਤੀਜੇ ਸ਼ਨੀਵਾਰ ਨੂੰ ਹੁੰਦੀਆਂ ਹਨ। ਕਿਰਪਾ ਕਰਕੇ ਆਪਣੀ ਕੌਂਸਲ ਬਾਰੇ ਹੋਰ ਜਾਣਕਾਰੀ ਲਈ ਵੈਸਟਰਨ ਆਸਟ੍ਰੇਲੀਆ ਦੇ ਚੋਣ ਕਮਿਸ਼ਨ (Western Australian Electoral Commission) (WAEC) ਦੀ ਵੈੱਬਸਾਈਟ ਦੇਖੋ।
ਆਪਣਾ ਸਥਾਨਕ ਕੌਂਸਲ ਖੇਤਰ ਲੱਭੋ
ਤੁਸੀਂ ਆਪਣੇ ਵੋਟ ਦੇ ਨਾਮਾਂਕਣ ਦੀ ਜਾਂਚ ਕਰਨ ਲਈ ਇੱਥੇ ਆਪਣਾ ਨਾਮ ਅਤੇ ਪਤਾ ਦਰਜ ਕਰਕੇ ਆਪਣਾ ਸਥਾਨਕ ਸਰਕਾਰ ਖੇਤਰ ਲੱਭ ਸਕਦੇ ਹੋ।
ਕੀ ਮੈਨੂੰ ਵੋਟ ਪਾਉਣੀ ਹੀ ਪਵੇਗੀ?
ਨਹੀਂ। ਵੈਸਟਰਨ ਆਸਟ੍ਰੇਲੀਆ ਵਿੱਚ ਕੌਂਸਲ ਚੋਣਾਂ ਵਿੱਚ ਵੋਟ ਪਾਉਣਾ ਲਾਜ਼ਮੀ ਨਹੀਂ ਹੈ।
ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ?
ਤੁਸੀਂ ਇੱਕ ਜਾਂ ਇੱਕ ਤੋਂ ਵੱਧ ਕੌਂਸਲਰਾਂ ਲਈ ਵੋਟ ਪਾਵੋਗੇ ਜੋ ਸਥਾਨਕ ਸਰਕਾਰ ਵਿੱਚ ਤੁਹਾਡੀ ਨੁਮਾਇੰਦਗੀ ਕਰਨਗੇ। ਤੁਸੀਂ ਆਪਣੀ ਕੌਂਸਲ ਦੇ ਨੇਤਾ ਨੂੰ ਵੀ ਵੋਟ ਪਾ ਸਕਦੇ ਹੋ, ਜਿਸਨੂੰ ਮੇਅਰ ਜਾਂ ਸ਼ਾਇਰ ਪ੍ਰੈਜ਼ੀਡੈਂਟ ਕਿਹਾ ਜਾਂਦਾ ਹੈ, ਇਹ ਤੁਹਾਡੇ ਕੌਂਸਲ 'ਤੇ ਨਿਰਭਰ ਕਰਦਾ ਹੈ, ਕੁੱਝ ਮਾਮਲਿਆਂ ਵਿੱਚ, ਜਿਨ੍ਹਾਂ ਕੌਂਸਲਰਾਂ ਦੀ ਤੁਸੀਂ ਚੋਣ ਕਰਦੇ ਹੋ, ਉਹ ਆਪਣੇ ਵਿੱਚੋਂ ਨੇਤਾ ਦੀ ਚੋਣ ਕਰਦੇ ਹਨ।
ਵੈਸਟਰਨ ਆਸਟ੍ਰੇਲੀਆ ਵਿੱਚ, ਵੱਖ-ਵੱਖ ਸਥਾਨਕ ਸਰਕਾਰਾਂ ਦੁਆਰਾ ਨਿਰਧਾਰਤ ਗਿਣਤੀ ਦੇ ਆਧਾਰ 'ਤੇ, ਇੱਕ ਕੌਂਸਲ ਛੇ ਤੋਂ 15 ਕੌਂਸਲਰ ਹੋ ਸਕਦੇ ਹਨ। ਜਦੋਂ ਤੁਸੀਂ ਮੇਅਰ ਲਈ ਸਿੱਧੇ ਤੌਰ 'ਤੇ ਵੋਟ ਪਾਉਂਦੇ ਹੋ, ਤਾਂ ਕੌਂਸਲਰਾਂ ਦੀ ਗਿਣਤੀ ਪੰਜ ਤੋਂ 14 ਤੱਕ ਸੀਮਤ ਹੁੰਦੀ ਹੈ।
ਕੁੱਝ ਮਾਮਲਿਆਂ ਵਿੱਚ, ਸਥਾਨਕ ਸਰਕਾਰਾਂ ਨੂੰ ਵਾਰਡਾਂ ਵਿੱਚ ਵੀ ਵੰਡਿਆ ਜਾ ਸਕਦਾ ਹੈ, ਅਤੇ ਕੌਂਸਲਰਾਂ ਨੂੰ ਵੱਖ-ਵੱਖ ਵਾਰਡਾਂ ਵਿੱਚ ਸਥਾਨਕ ਭਾਈਚਾਰਿਆਂ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਜਾਂਦਾ ਹੈ।
ਸਥਾਨਕ ਸਰਕਾਰ ਅਤੇ ਹੋਰ ਚੋਣਾਂ ਵਿੱਚ 'ਫਸਟ-ਪਾਸਟ-ਦ-ਪੋਸਟ' ਪ੍ਰਣਾਲੀ (‘first-past-the-post’ system) ਵਰਤੀ ਜਾਂਦੀ ਹੈ। ਇਸਦਾ ਮਤਲਬ ਹੈ ਕਿ ਵੋਟਰ ਆਪਣੀਆਂ ਪਸੰਦੀਦਾ ਉਮੀਦਵਾਰਾਂ ਨੂੰ ਚੁਣਦੇ ਹਨ, ਅਤੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਚੁਣਿਆ ਜਾਂਦਾ ਹੈ। ਜਿੱਥੇ ਇੱਕ ਤੋਂ ਵੱਧ ਅਸਾਮੀਆਂ ਖ਼ਾਲੀ ਹਨ, ਉੱਥੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਪਹਿਲਾਂ ਚੁਣਿਆ ਜਾਂਦਾ ਹੈ, ਫਿਰ ਦੂਜਾ ਉਮੀਦਵਾਰ, ਅਤੇ ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਸਾਰੀਆਂ ਖ਼ਾਲੀ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ ਹਨ।
ਵੋਟ ਕਿਵੇਂ ਪਾਉਣੀ ਹੈ
ਸਥਾਨਕ ਸਰਕਾਰਾਂ ਦੀਆਂ ਚੋਣਾਂ ਦੋ ਕਿਸਮਾਂ ਦੀਆਂ ਹੁੰਦੀਆਂ ਹਨ:
- ਡਾਕ ਰਾਹੀਂ ਚੋਣਾਂ
- ਸਿੱਧੇ ਤੌਰ 'ਤੇ ਸਾਮ੍ਹਣੇ ਆ ਕੇ ਵੋਟ ਪਾਉਣ ਵਾਲੀਆਂ ਚੋਣਾਂ
ਡਾਕ ਰਾਹੀਂ ਚੋਣਾਂ ਵਿੱਚ, ਵੋਟਰਾਂ ਨੂੰ ਇੱਕ ਚੋਣ ਪੈਕੇਜ ਭੇਜਿਆ ਜਾਂਦਾ ਹੈ ਜਿਸ ਵਿੱਚ ਬੈਲਟ ਪੇਪਰ ਸ਼ਾਮਲ ਹੁੰਦੇ ਹਨ ਅਤੇ ਫਿਰ ਉਹ ਘਰ ਵਿੱਚ ਵੋਟ ਪਾ ਕੇ ਭਰੇ ਹੋਏ ਪੇਪਰਾਂ ਨੂੰ ਡਾਕ ਰਾਹੀਂ ਭੇਜ ਸਕਦੇ ਹਨ। ਸਿੱਧੇ ਤੌਰ 'ਤੇ ਵੋਟ ਪਾਉਣ ਵਾਲੀਆਂ ਚੋਣਾਂ ਵਿੱਚ, ਵੋਟਰ ਜਲਦੀ ਜਾਂ ਡਾਕ ਰਾਹੀਂ ਵੋਟ ਪਾ ਸਕਦੇ ਹਨ, ਪਰ ਜ਼ਿਆਦਾਤਰ ਲੋਕ ਚੋਣ ਵਾਲੇ ਦਿਨ ਉਨ੍ਹਾਂ ਦੇ ਖੇਤਰ ਦੇ ਪੋਲਿੰਗ ਸਥਾਨ 'ਤੇ ਸਿੱਧੇ ਤੌਰ 'ਤੇ ਵੋਟ ਪਾਉਣਾ ਪਸੰਦ ਕਰਦੇ ਹਨ।
ਡਾਕ ਰਾਹੀਂ ਚੋਣਾਂ
ਇਹ ਚੋਣਾਂ ਦਾ ਸਭ ਤੋਂ ਆਮ ਤਰੀਕਾ ਹੈ।
ਸਾਰੇ ਯੋਗ ਵੋਟਰਾਂ ਨੂੰ ਆਸਟ੍ਰੇਲੀਆ ਪੋਸਟ ਦੀ ਸੇਵਾ ਮੁਹੱਈਆ ਕਰਨ 'ਤੇ ਨਿਰਭਰ ਕਰਦਿਆਂ ਪੋਲਿੰਗ ਦਿਨ ਤੋਂ ਦੋ ਤੋਂ ਤਿੰਨ ਹਫ਼ਤੇ ਪਹਿਲਾਂ ਇੱਕ ਡਾਕ ਵੋਟਿੰਗ ਪੈਕੇਜ ਪ੍ਰਾਪਤ ਹੋਵੇਗਾ।
ਇਸ ਪੈਕੇਜ ਵਿੱਚ ਸ਼ਾਮਲ ਹੋਣਗੇ:
- ਉਮੀਦਵਾਰਾਂ ਦੀ ਸੂਚੀ
- ਬੈਲਟ ਪੇਪਰ
- ਇਸ ਬਾਰੇ ਹਦਾਇਤਾਂ ਕਿ ਵੋਟ ਕਿਵੇਂ ਪਾਉਣੀ ਹੈ
- ਇੱਕ ਘੋਸ਼ਣਾ।
ਵੋਟ ਪਾਉਣ ਲਈ, ਇਸ ਪੈਕੇਜ ਵਿੱਚ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ। ਤੁਹਾਡਾ ਡਾਕ ਵੋਟਿੰਗ ਪੈਕੇਜ ਪੋਲਿੰਗ ਵਾਲੇ ਦਿਨ 18:00 ਵਜੇ ਤੋਂ ਪਹਿਲਾਂ ਪ੍ਰਾਪਤ ਹੋਣਾ ਚਾਹੀਦਾ ਹੈ।
ਜੇਕਰ ਤੁਸੀਂ ਇਹ ਨਹੀਂ ਸੋਚਦੇ ਕਿ ਤੁਹਾਡਾ ਡਾਕ ਵੋਟਿੰਗ ਪੈਕੇਜ ਸਮੇਂ ਸਿਰ ਡਾਕ ਦੁਆਰਾ ਵਾਪਸ ਕੀਤਾ ਜਾ ਸਕਦਾ ਹੈ, ਤਾਂ ਤੁਸੀਂ ਇਸਨੂੰ ਪੋਲਿੰਗ ਅਧਿਕਾਰੀ ਨੂੰ ਹੱਥ ਨਾਲ ਡਿਲੀਵਰ ਕਰ ਸਕਦੇ ਹੋ।
ਨਿੱਜੀ ਤੌਰ ‘ਤੇ ਜਾ ਕੇ ਵੋਟ ਪਾਉਣ ਵਾਲੀਆਂ ਚੋਣਾਂ ਵਿੱਚ ਵੋਟ ਪਾਉਣਾ
ਪੋਲਿੰਗ ਵਾਲੇ ਦਿਨ, ਤੁਸੀਂ ਆਪਣੇ ਨਿਰਧਾਰਤ ਵੋਟਿੰਗ ਕੇਂਦਰ 'ਤੇ ਜਾ ਕੇ ਵੋਟ ਪਾ ਸਕਦੇ ਹੋ। ਪੋਲਿੰਗ ਸਥਾਨ 08:00 ਤੋਂ 18:00 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਜੇਕਰ ਤੁਸੀਂ ਪੋਲਿੰਗ ਵਾਲੇ ਦਿਨ ਕਿਸੇ ਪੋਲਿੰਗ ਸਥਾਨ 'ਤੇ ਹਾਜ਼ਰ ਨਹੀਂ ਹੋ ਸਕਦੇ, ਤਾਂ ਉਹ ਗ਼ੈਰ-ਹਾਜ਼ਰ, ਜਲਦੀ ਜਾਂ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹਨ।
ਡਾਕ ਰਾਹੀਂ ਵੋਟ ਪਾਉਣ ਦੇ ਪੇਪਰਾਂ ਲਈ ਅਰਜ਼ੀ ਦੇਣ ਲਈ, ਇਸ ਫਾਰਮ ਨੂੰ ਡਾਊਨਲੋਡ ਕਰੋ ਅਤੇ ਭਰੋ। ਵਧੇਰੇ ਜਾਣਕਾਰੀ ਲਈ ਜਾਂ ਪੋਲਿੰਗ ਸਥਾਨ ਲੱਭਣ ਲਈ, ਆਪਣੀ ਸਥਾਨਕ ਸਰਕਾਰ ਨਾਲ ਸੰਪਰਕ ਕਰੋ।
ਆਪਣਾ ਬੈਲਟ ਪੇਪਰ ਭਰਨਾ
ਜਿਸ ਉਮੀਦਵਾਰ ਨੂੰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ, ਉਸ ਦੇ ਨਾਵਾਂ ਦੇ ਸਾਹਮਣੇ ਵਾਲੇ ਡੱਬੇ ਵਿੱਚ ਇੱਕ ਟਿੱਕ ਲਗਾਓ।
ਤੁਸੀਂ ਉਨ੍ਹੀਆਂ ਖ਼ਾਲੀ ਅਸਾਮੀਆਂ ਦੀ ਗਿਣਤੀ ਲਈ ਵੋਟ ਪਾ ਸਕਦੇ ਹੋ ਜਿੰਨ੍ਹੀਆਂ ਨੂੰ ਭਰਨਾ ਹੈ, ਪਰ ਇਸ ਤੋਂ ਵੱਧ ਨਹੀਂ। ਜੇਕਰ ਤੁਸੀਂ ਖ਼ਾਲੀ ਅਸਾਮੀਆਂ ਦੀ ਗਿਣਤੀ ਤੋਂ ਘੱਟ ਡੱਬਿਆਂ 'ਤੇ ਨਿਸ਼ਾਨ ਲਗਾਉਂਦੇ ਹੋ ਤਾਂ ਵੀ ਉਹ ਵੋਟ ਗਿਣਤੀ ਕੀਤੀ ਜਾਵੇਗਾ। ਜੇਕਰ ਤੁਸੀਂ ਖ਼ਾਲੀ ਅਸਾਮੀਆਂ ਦੀ ਗਿਣਤੀ ਤੋਂ ਵੱਧ ਡੱਬਿਆਂ 'ਤੇ ਨਿਸ਼ਾਨ ਲਗਾਉਂਦੇ ਹੋ ਤਾਂ ਵੋਟ ਮੰਨਣਯੋਗ ਨਹੀਂ ਹੋਵੇਗੀ।
ਉਦਾਹਰਨ ਲਈ, ਜੇਕਰ 15 ਅਸਾਮੀਆਂ ਅਤੇ 20 ਉਮੀਦਵਾਰ ਹਨ, ਤਾਂ ਵੱਧ ਤੋਂ ਵੱਧ 15 ਉਮੀਦਵਾਰਾਂ ਤੱਕ ਨਿਸ਼ਾਨ ਲਗਾਓ ਪਰ ਇਸ ਤੋਂ ਵੱਧ ਨਹੀਂ।
ਜਿੱਥੇ ਕੋਈ ਵਿਅਕਤੀ ਮੇਅਰ ਜਾਂ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਉਮੀਦਵਾਰ ਹੁੰਦਾ ਹੈ ਅਤੇ ਕੌਂਸਲਰ ਦਾ ਅਹੁਦਾ ਵੀ ਖ਼ਾਲੀ ਹੁੰਦਾ ਹੈ, ਤਾਂ ਪਹਿਲਾਂ ਮੇਅਰ ਜਾਂ ਪ੍ਰੈਜ਼ੀਡੈਂਟ ਦੀ ਚੋਣ ਤੈਅ ਕੀਤੀ ਜਾਂਦੀ ਹੈ। ਜੇਕਰ ਉਮੀਦਵਾਰ ਮੇਅਰ ਜਾਂ ਪ੍ਰੈਜ਼ੀਡੈਂਟ ਦੀ ਚੋਣ ਵਿੱਚ ਕਾਮਯਾਬ ਰਹਿੰਦਾ ਹੈ, ਤਾਂ ਉਸ ਉਮੀਦਵਾਰ ਦੀਆਂ ਵੋਟਾਂ ਨੂੰ ਕੌਂਸਲਰ ਦੀ ਚੋਣ ਲਈ ਨਹੀਂ ਗਿਣਿਆ ਜਾਂਦਾ ਹੈ।