ਸਾਊਥ ਆਸਟ੍ਰੇਲੀਆ ਵਿੱਚ, ਸਥਾਨਕ ਸਰਕਾਰਾਂ ਦੀਆਂ ਚੋਣਾਂ ਹਰ ਚਾਰ ਸਾਲਾਂ ਵਿੱਚ ਨਵੰਬਰ ਵਿੱਚ ਹੁੰਦੀਆਂ ਹਨ। ਕਿਰਪਾ ਕਰਕੇ ਆਪਣੇ ਕੌਂਸਲ ਬਾਰੇ ਵਧੇਰੇ ਜਾਣਕਾਰੀ ਲਈ, ਸਾਊਥ ਆਸਟ੍ਰੇਲੀਆ ਚੋਣ ਕਮਿਸ਼ਨ (Electoral Commission of South Australia) (ECSA) ਦੀ ਵੈੱਬਸਾਈਟ ਦੇਖੋ।
ਸਾਊਥ ਆਸਟ੍ਰੇਲੀਆ ਵਿੱਚ ਕੌਂਸਲ ਚੋਣਾਂ ਵਿੱਚ ਨਾਮ ਦਰਜ ਕਰਵਾਉਣ ਲਈ ਤੁਹਾਨੂੰ ਨਾਗਰਿਕ ਹੋਣ ਦੀ ਲੋੜ ਨਹੀਂ ਹੈ!
ਜੇਕਰ ਤੁਸੀਂ ਆਸਟ੍ਰੇਲੀਆਈ ਨਾਗਰਿਕ ਨਹੀਂ ਹੋ, ਪਰ ਤੁਸੀਂ ਆਪਣੇ ਮੌਜੂਦਾ ਸਾਊਥ ਆਸਟ੍ਰੇਲੀਆਈ ਪਤੇ ‘ਤੇ 30 ਦਿਨ ਤੋਂ ਵੱਧ ਸਮੇਂ ਤੋਂ ਰਹਿ ਰਹੇ ਹੋ, ਅਤੇ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਤਾਂ ਤੁਸੀਂ ਆਪਣੀਆਂ ਕੌਂਸਲ ਚੋਣਾਂ ਵਿੱਚ ਵੋਟ ਪਾਉਣ ਲਈ ਨਾਮ ਦਰਜ ਕਰਵਾ ਸਕਦੇ ਹੋ। ਇਸ ਵਿੱਚ ਸ਼ਾਮਲ ਹਨ:
- ਅੰਤਰਰਾਸ਼ਟਰੀ ਵਿਦਿਆਰਥੀ
- ਅਸਥਾਈ ਜਾਂ ਸਥਾਈ ਨਿਵਾਸੀ
- ਅਸਥਾਈ ਸੈਰ-ਸਪਾਟੇ ਵਾਲੇ ਵੀਜ਼ੇ 'ਤੇ ਆਉਣ ਵਾਲੇ ਯਾਤਰੀ
- ਵਰਕਿੰਗ ਵੀਜ਼ਾ 'ਤੇ ਆਉਣ ਵਾਲੇ ਯਾਤਰੀ
ਜੇਕਰ ਤੁਸੀਂ ਨਿਸ਼ਚਿਤ ਨਹੀਂ ਹੋ ਕਿ ਤੁਸੀਂ ਕੌਂਸਲ ਸਪਲੀਮੈਂਟਰੀ ਰੋਲ ਵਿੱਚ ਨਾਮ ਦਰਜ ਕਰਾਇਆ ਹੈ ਜਾਂ ਨਹੀਂ, ਤਾਂ ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰੋ।
ਯਾਦ ਰੱਖੋ ਕਿ ਹਰ ਚੋਣ ਵਾਲੇ ਸਾਲ ਦੀ 1 ਜਨਵਰੀ ਨੂੰ ਕੌਂਸਲਾਂ ਵੱਲੋਂ ਆਪਣੇ ਸਪਲੀਮੈਂਟਰੀ ਰੋਲ ਨੂੰ ਖਤਮ ਕਰਨਾ ਲਾਜ਼ਮੀ ਹੈ। ਐਡੀਲੇਡ ਸ਼ਹਿਰ (City of Adelaide) ਨੂੰ ਛੱਡ ਕੇ, ਵੋਟ ਪਾਉਣ ਦੇ ਯੋਗ ਹੋਣ ਲਈ ਤੁਹਾਨੂੰ ਹਰ ਚੋਣ ਵਾਲੇ ਸਾਲ ਦੀ 1 ਜਨਵਰੀ ਤੋਂ ਦੁਬਾਰਾ ਨਾਮ ਦਰਜ ਕਰਵਾਉਣਾ ਚਾਹੀਦਾ ਹੈ।
ਆਪਣਾ ਸਥਾਨਕ ਕੌਂਸਲ ਖੇਤਰ ਲੱਭੋ
ਤੁਸੀਂ ਇੱਥੇ ਆਪਣਾ ਪਤਾ ਭਰਕੇ ਆਪਣਾ ਸਥਾਨਕ ਸਰਕਾਰ ਖੇਤਰ ਲੱਭ ਸਕਦੇ ਹੋ।
ਕੀ ਮੈਨੂੰ ਵੋਟ ਪਾਉਣੀ ਪਵੇਗੀ?
ਨਹੀਂ। ਸਾਊਥ ਆਸਟ੍ਰੇਲੀਆ ਵਿੱਚ ਕੌਂਸਲ ਚੋਣਾਂ ਵਿੱਚ ਵੋਟ ਪਾਉਣਾ ਲਾਜ਼ਮੀ ਨਹੀਂ ਹੈ
ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ?
ਤੁਹਾਡੀ ਸਥਾਨਕ ਸਰਕਾਰ ‘ਤੇ ਨਿਰਭਰ ਕਰਦੇ ਹੋਏ, ਤੁਸੀਂ ਆਪਣੇ ਕੌਂਸਲਰਾਂ, ਵਾਰਡ ਕੌਂਸਲਰਾਂ ਅਤੇ/ਜਾਂ ਮੇਅਰ ਲਈ ਵੋਟ ਪਾਵੋਗੇ।
ਤੁਸੀਂ ਸਥਾਨਕ ਸਰਕਾਰਾਂ ਵਿੱਚ ਤੁਹਾਡੀ ਨੁਮਾਇੰਦਗੀ ਕਰਨ ਲਈ ਆਪਣੇ ਕੌਂਸਲਰਾਂ ਦੀ ਚੋਣ ਕਰ ਰਹੇ ਹੋ। ਤੁਸੀਂ ਇਨ੍ਹਾਂ ਵਿੱਚੋਂ ਕਿਸੇ ਨੂੰ ਵੋਟ ਪਾਵੋਗੇ:
- ਆਪਣੀ ਕੌਂਸਲ ਵਿਚਲੇ ਸਾਰੇ ਉਮੀਦਵਾਰਾਂ ਲਈ।
- ਇੱਕ ਛੋਟੇ ਇਲਾਕੇ, ਜਿਸਨੂੰ ਵਾਰਡ ਕਿਹਾ ਜਾਂਦਾ ਹੈ, ਦੇ ਉਮੀਦਵਾਰਾਂ ਲਈ।
ਕੌਂਸਲ ਚੋਣਾਂ ਦੇ ਆਧਾਰ 'ਤੇ ਸਥਾਨਕ ਸਰਕਾਰ ਦੇ ਨੇਤਾ ਦੀ ਵੀ ਚੋਣ ਕੀਤੀ ਜਾਂਦੀ ਹੈ। ਇਹ ਦੋ ਤਰੀਕਿਆਂ ਨਾਲ ਹੋ ਸਕਦਾ ਹੈ:
- ਤੁਸੀਂ ਸਿੱਧੇ ਨੇਤਾ ਲਈ ਵੋਟ ਦਿੰਦੇ ਹੋ। ਇਸ ਕਿਸਮ ਦੇ ਨੇਤਾ ਨੂੰ ਮੇਅਰ ਕਿਹਾ ਜਾਂਦਾ ਹੈ।
- ਤੁਹਾਡੇ ਦੁਆਰਾ ਚੁਣੇ ਗਏ ਕੌਂਸਲਰ ਆਪਣੇ ਵਿੱਚੋਂ ਨੇਤਾ ਚੁਣਦੇ ਹਨ। ਇਸ ਕਿਸਮ ਦੇ ਨੇਤਾ ਨੂੰ ਅਕਸਰ ਚੇਅਰਪਰਸਨ (ਚੇਅਰਮੈਨ ਜਾਂ ਚੇਅਰਵੂਮੈਨ) ਕਿਹਾ ਜਾਂਦਾ ਹੈ।
ਸਾਊਥ ਆਸਟ੍ਰੇਲੀਆ ਵਿੱਚ ਕੌਂਸਲ ਚੋਣਾਂ ਵਿੱਚ ਵਰਤੀ ਜਾਂਦੀ ਚੋਣ ਪ੍ਰਣਾਲੀ ਅਨੁਪਾਤਕ ਨੁਮਾਇੰਦਗੀ ਵਾਲੀ ਚੋਣ ਪ੍ਰਣਾਲੀ ਹੈ। ਹਰੇਕ ਵੋਟ ਨੂੰ ਵੋਟਰਾਂ ਦੀ ਪਸੰਦ ਦੇ ਕ੍ਰਮ ਵਿੱਚ ਉਮੀਦਵਾਰਾਂ ਵਿਚਕਾਰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਉਮੀਦਵਾਰ ਦੀ ਕੁੱਲ ਵੋਟਾਂ ਦੀ ਗਿਣਤੀ ਨਿਸ਼ਚਿਤ ਕੋਟੇ ਦੇ ਬਰਾਬਰ ਜਾਂ ਇਸ ਤੋਂ ਵੱਧ ਹੋ ਜਾਂਦੀ ਹੈ, ਤਾਂ ਉਹ ਚੁਣੇ ਜਾਂਦੇ ਹਨ।
ਵੋਟ ਕਿਵੇਂ ਪਾਉਣੀ ਹੈ?
ਕੌਂਸਲ ਚੋਣਾਂ ਵਿੱਚ ਵੋਟ ਪਾਉਣ ਦੀ ਪ੍ਰਕਿਰਿਆ ਡਾਕ ਰਾਹੀਂ ਕੀਤੀ ਜਾਂਦੀ ਹੈ। ਸਾਰੇ ਚੋਣ ਸਮੱਗਰੀ, ਜਿਸ ਵਿੱਚ ਤੁਹਾਡੇ ਬੈਲਟ ਪੇਪਰ ਵੀ ਸ਼ਾਮਲ ਹਨ, ਸਿੱਧੇ ਉਸ ਡਾਕ ਪਤੇ 'ਤੇ ਭੇਜੇ ਜਾਂਦੇ ਹਨ ਜੋ ਤੁਸੀਂ ਵੋਟਰ ਸੂਚੀ ਵਿੱਚ ਪ੍ਰਦਾਨ ਕੀਤਾ ਹੈ। ਡਾਕ ਵੋਟਿੰਗ ਪੈਕ ਭੇਜਣ ਦੀ ਪ੍ਰਕਿਰਿਆ ਨਾਮਜ਼ਦਗੀ ਬੰਦ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ।
ਤੁਹਾਡੇ ਪੈਕ ਵਿੱਚ ਇਹ ਸ਼ਾਮਲ ਹੁੰਦੇ ਹਨ:
- ਹਰ ਚੋਣ ਲਈ ਇੱਕ ਬੈਲਟ ਪੇਪਰ ਜੋ ਉਸ ਕੌਂਸਲ ਖੇਤਰ ਵਿੱਚ ਹੋ ਰਹੀ ਹੈ ਅਤੇ ਜਿਸ ਲਈ ਤੁਸੀਂ ਵੋਟ ਪਾਉਣ ਦੇ ਯੋਗ ਹੋ (ਉਦਾਹਰਨ ਵਜੋਂ - ਮੇਅਰ, ਇਲਾਕੇ ਦੇ ਕੌਂਸਲਰ ਜਾਂ ਵਾਰਡ ਕੌਂਸਲਰ) ।
- ਉਮੀਦਵਾਰਾਂ ਦੀ ਪ੍ਰੋਫਾਈਲ ਬਰੋਸ਼ਰ।
- ਇੱਕ ਬੈਲਟ ਪੇਪਰ ਲਿਫ਼ਾਫ਼ਾ (ਤੁਹਾਨੂੰ ਇਸ ਲਿਫ਼ਾਫ਼ੇ 'ਤੇ, ਵੋਟਰ ਵਜੋਂ, ਬੈਲਟ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਸਤਖ਼ਤ ਕਰਨੇ ਲਾਜ਼ਮੀ ਹਨ)।
- ਇੱਕ ਜਵਾਬ-ਵਾਲਾ-ਭੁਗਤਾਨਸ਼ੁਦਾ ਲਿਫ਼ਾਫ਼ਾ।
- ਇੱਕ ਡਾਕ ਵੋਟਿੰਗ ਗਾਈਡ।
ਵੋਟ ਪਾਉਣ ਲਈ, ਤੁਹਾਨੂੰ ਘੱਟੋ-ਘੱਟ ਉਨ੍ਹਾਂ ਡੱਬਿਆਂ ਵਿੱਚ ਆਪਣੀ ਪਸੰਦ ਦੇ ਕ੍ਰਮ ਵਿੱਚ ਨੰਬਰ ਲਗਾਉਣਾ ਪਵੇਗਾ, ਜਿੰਨ੍ਹੀਆਂ ਅਸਾਮੀਆਂ ਖ਼ਾਲੀ ਹਨ।
ਉਦਾਹਰਨ ਵਜੋਂ, ਜੇਕਰ ਕਿਸੇ ਵਾਰਡ ਵਿੱਚ 2 ਖ਼ਾਲੀ ਅਸਾਮੀਆਂ ਹਨ ਅਤੇ 5 ਉਮੀਦਵਾਰ ਹਨ: ਤੁਹਾਨੂੰ ਆਪਣੇ ਬੈਲਟ ਪੇਪਰ ਨੂੰ ਭਰਨ ਲਈ ਆਪਣੀ ਪਸੰਦ ਦੇ ਕ੍ਰਮ ਵਿੱਚ ਨੰਬਰ 1 ਅਤੇ 2 ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਹੋਰ ਜਾਂ ਸਾਰੇ ਡੱਬਿਆਂ ਨੂੰ (3, 4 ਜਾਂ 5) ਨੰਬਰ ਦੇਣਾ ਜਾਰੀ ਰੱਖ ਸਕਦੇ ਹੋ।
ਆਪਣੇ ਬੈਲਟ ਪੇਪਰਾਂ ਨੂੰ ਵਾਪਸ ਭੇਜਣਾ
ਆਪਣੇ ਬੈਲਟ ਪੇਪਰਾਂ ਨੂੰ ਭਰਨ ਤੋਂ ਬਾਅਦ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ
- ਆਪਣੇ ਮੋੜੇ ਹੋਏ ਬੈਲਟ ਪੇਪਰਾਂ ਨੂੰ ਦਿੱਤੇ ਗਏ ਬੈਲਟ ਪੇਪਰ ਲਿਫ਼ਾਫ਼ੇ ਵਿੱਚ ਰੱਖੋ।
- ਬੈਲਟ ਪੇਪਰ ਲਿਫ਼ਾਫ਼ੇ 'ਤੇ ਸੀਲ ਲਗਾਓ।
- ਸੰਬੰਧਿਤ ਘੋਸ਼ਣਾ ਪੱਤਰ ਆਪਣੇ ਵੇਰਵਿਆਂ ਨਾਲ ਭਰਕੇ ਦਸਤਖ਼ਤ ਕਰਨਾ ਯਕੀਨੀ ਬਣਾਓ।
- ਆਪਣੇ ਸੀਲਬੰਦ ਬੈਲਟ ਪੇਪਰ ਲਿਫ਼ਾਫ਼ੇ ਨੂੰ ਜਵਾਬ-ਵਾਲੇ-ਭੁਗਤਾਨਸ਼ੁਦਾ ਲਿਫ਼ਾਫ਼ੇ ਵਿੱਚ ਰੱਖੋ ਅਤੇ ਇਸ ਨੂੰ ਸੀਲ ਕਰੋ।
- ਜਵਾਬ-ਵਾਲੇ-ਭੁਗਤਾਨਸ਼ੁਦਾ ਲਿਫ਼ਾਫ਼ੇ ਨੂੰ ਇਸ ਤਰੀਕੇ ਨਾਲ ਡਾਕ ਰਾਹੀਂ ਭੇਜੋ ਤਾਂ ਕਿ ਇਹ ਵੋਟਿੰਗ ਦੇ ਸਮਾਪਤ ਹੋਣ ਤੋਂ ਪਹਿਲਾਂ ਚੋਣ ਅਫ਼ਸਰ ਤੱਕ ਪਹੁੰਚ ਜਾਵੇ (ਇਸਦੀ ਅੰਤਿਮ ਮਿਤੀ ਹੋਵੇਗੀ, ਇਸ ਲਈ ਯਕੀਨੀ ਬਣਾਓ ਕਿ ਵੋਟ ਪਾਉਣ ਤੋਂ ਤੁਰੰਤ ਬਾਅਦ ਇਸਨੂੰ ਡਾਕ ਰਾਹੀਂ ਭੇਜ ਦਿੱਤਾ ਹੈ)।
ਮੈਂ ਇਸ ਨੂੰ ਆਪਣੇ ਆਪ ਨਹੀਂ ਭਰ ਸਕਦਾ/ਸਕਦੀ ਹਾਂ
ਜੇਕਰ ਤੁਹਾਡੀ ਕੋਈ ਅਪਾਹਜਤਾ ਹੈ ਅਤੇ ਤੁਸੀਂ ਆਪਣੇ ਬੈਲਟ ਪੇਪਰਾਂ 'ਤੇ ਨਿਸ਼ਾਨ ਨਹੀਂ ਲਗਾ ਸਕਦੇ ਹੋ, ਤਾਂ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਇਸਨੂੰ ਪੂਰਾ ਕਰਨ ਲਈ ਕਹਿ ਸਕਦੇ ਹੋ ਜਦੋਂ ਤੱਕ ਉਹ ਵਿਅਕਤੀ ਉਮੀਦਵਾਰ ਨਹੀਂ ਹੈ ਜਾਂ ਉਮੀਦਵਾਰ ਦੀ ਤਰਫੋਂ ਕੰਮ ਨਹੀਂ ਕਰ ਰਿਹਾ ਹੈ।